ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ
May 6, 2026 / punjab
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ
ਮੋਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜੇ
ਗੁਟਕਾ ਸਾਹਿਬ ਦੀ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਗੁਟਕਾ ਸਾਹਿਬ ਦੇ ਨੁਕਸਾਨੀ
ਹਿੱਸੇ ਮਾਤਾ ਗੁਜਰੀ ਦੇਵੀ ਗੁਰਦੁਆਰੇ (ਗੁਰਦੁਆਰਾ ਸਿੰਘ ਸ਼ਹੀਦਾਂ ਦੇ ਨੇੜੇ) ਵਿਖੇ ਮਿਲੇ ਹਨ। ਇਸ
ਘਟਨਾ ਨੇ ਇਲਾਕੇ ਵਿੱਚ ਤਣਾਅ ਪੈਦਾ ਕਰ ਦਿੱਤਾ ਅਤੇ ਸਿੱਖ ਭਾਈਚਾਰੇ ਨੇ ਇਨਸਾਫ਼ ਦੀ ਮੰਗ ਕਰਦਿਆਂ
ਏਅਰਪੋਰਟ ਰੋਡ ਉੱਤੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸੜਕ ਜਾਮ ਕਰ ਦਿੱਤੀ। ਇਸ ਕਾਰਨ ਆਵਾਜਾਈ ਪੂਰੀ
ਤਰ੍ਹਾਂ ਠੱਪ ਹੋ ਗਈ।
ਘਟਨਾ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਗੁਰਦੁਆਰੇ ਦੇ ਇੱਕ ਸੇਵਾਦਾਰ ਨੇ ਗੁਟਕਾ ਸਾਹਿਬ
ਦੇ ਕੁਝ ਅੰਗ ਜ਼ਮੀਨ ਉੱਤੇ ਪਏ ਦੇਖੇ। ਇਸ ਖ਼ਬਰ ਦੇ ਫੈਲਦਿਆਂ ਹੀ ਵੱਡੀ ਭੀੜ ਇਕੱਠੀ ਹੋ ਗਈ। ਰੋਹ
ਵਿੱਚ ਆਈ ਸੰਗਤ ਨੇ ਪ੍ਰਸ਼ਾਸਨ ਵਿਰੋਧੀ ਨਾਅਰੇ ਲਗਾਏ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ
ਕੀਤੀ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੇਅਦਬੀ ਨੇੜਲੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਚ ਰੱਖੀ
ਗਈ ਗੁਟਕਾ ਸਾਹਿਬ ਨਾਲ ਸਬੰਧਿਤ ਹੈ ਅਤੇ ਇਹ ਇੱਕ ਸਾਜ਼ਿਸ਼ ਹੈ, ਜਿਸ ਦਾ
ਉਦੇਸ਼ ਇਲਾਕੇ ਵਿੱਚ ਧਾਰਮਿਕ ਤਣਾਅ ਪੈਦਾ ਕਰਨਾ ਅਤੇ ਸ਼ਾਂਤੀ ਭੰਗ ਕਰਨਾ ਹੈ। ਲੋਕਾਂ ਨੇ ਮੰਗ ਕੀਤੀ
ਕਿ ਇਹ ਹਿੱਸੇ ਉੱਥੋਂ ਬਾਹਰ ਕਿਵੇਂ ਪਹੁੰਚੇ, ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਮੌਕੇ ਉੱਤੇ ਮੋਹਾਲੀ ਸਿਟੀ-2 ਦੇ ਡੀਐਸਪੀ ਹਰਸਿਮਰਨ ਸਿੰਘ ਬੱਲ ਪਹੁੰਚੇ। ਉਨ੍ਹਾਂ
ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਪੁਲਿਸ ਇਸ ਮਾਮਲੇ
ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਂ ਕਾਨੂੰਨੀ ਧਾਰਾਵਾਂ ਤਹਿਤ ਕੇਸ
ਦਰਜ ਕਰ ਲਿਆ ਗਿਆ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵਿਸਥਾਰ ਨਾਲ
ਜਾਂਚ ਕੀਤੀ ਜਾ ਰਹੀ ਹੈ। ਜਿਸ ਵੀ ਵਿਅਕਤੀ ਦਾ ਇਸ ਘਟਨਾ ਵਿੱਚ ਹੱਥ ਪਾਇਆ ਜਾਵੇਗਾ, ਉਸ ਨੂੰ
ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਿਸ ਨੇ ਲੋਕਾਂ ਨੂੰ ਧਰਨਾ ਖਤਮ ਕਰਕੇ ਸ਼ਾਂਤੀ ਬਣਾਈ ਰੱਖਣ ਦੀ
ਬੇਨਤੀ ਵੀ ਕੀਤੀ।
Gutka sahib desecrated