ਲੈਂਗਲੀ ’ਚ ਪੰਜਾਬੀ ਦੀ ਹੱਤਿਆ; ਦੋ ਪੰਜਾਬੀ ਹਥਿਆਰਾਂ ਦੀ ਖੇਪ ਸਮੇਤ ਕਾਬੂ
October 7, 2026 / international
Punjabi Pehchan /
Winnipeg
ਵਾਰਦਾਤ ਤੋਂ ਬਾਅਦ ਸ਼ੱਕੀ ਕਾਰ ਨੂੰ ਲਾਈ ਅੱਗ
ਛਾਪੇਮਾਰੀ ਦੌਰਾਨ 13 ਮਾਰੂ ਹਥਿਆਰ ਤੇ 20 ਹਜ਼ਾਰ ਕਾਰਤੂਸ ਬਰਾਮਦ
ਵਿੰਨੀਪੈਗ ਨੇੜਿਓਂ ਪੁਲੀਸ ਵੱਲੋਂ ਦੋ ਪੰਜਾਬੀਆਂ ਦੇ ਘਰੋਂ ਬਰਾਮਦ ਕੀਤੇ ਗਏ ਨਜਾਇਜ਼ ਹਥਿਆਰਾਂ ਅਤੇ ਗੋਲੀ-ਸਿੱਕੇ ਦੀ ਖੇਪ।
ਇੱਥੋਂ ਨੇੜਲੇ ਸ਼ਹਿਰ ਲੈਂਗਲੀ ਵਿੱਚ ਅਣਪਛਾਤਿਆਂ ਵੱਲੋਂ ਇੱਕ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਦੂਜੇ ਪਾਸੇ, ਵਿੰਨੀਪੈਗ ਨੇੜੇ ਪੁਲੀਸ ਨੇ ਦੋ ਪੰਜਾਬੀਆਂ ਨੂੰ ਨਜਾਇਜ਼ ਹਥਿਆਰਾਂ, ਕਾਰਤੂਸਾਂ ਦੀ ਵੱਡੀ ਖੇਪ ਅਤੇ ਨਕਦੀ ਸਮੇਤ ਬਰਾਮਦ ਕੀਤਾ ਹੈ। ਲੈਂਗਲੀ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਪੁਲੀਸ ਨੇ ਅਜੇ ਤੱਕ ਜਾਰੀ ਨਹੀਂ ਕੀਤੀ ਹੈ, ਪਰ ਇਹ ਪੁਸ਼ਟੀ ਹੋ ਗਈ ਹੈ ਕਿ ਉਹ 23 ਸਾਲਾਂ ਦਾ ਇੱਕ ਪੰਜਾਬੀ ਨੌਜਵਾਨ ਹੈ, ਜਿਸ ਦੀ ਪਛਾਣ ਸੂਤਰਾਂ ਨੇ ਜੀਵਨ ਜੌਹਲ ਦੱਸੀ ਹੈ।
ਦੂਜੇ ਪਾਸੇ, ਵਿੰਨੀਪੈਗ ਬਰਾਮਦਗੀ ਬਾਰੇ ਪੁਲੀਸ ਨੇ ਦੋਵਾਂ ਵਿਅਕਤੀਆਂ ਦੀ ਪਛਾਣ ਰਵਿੰਦਰ ਚਾਹਲ (48) ਅਤੇ ਕੁਲਵਿੰਦਰ ਚਾਹਲ (38) ਵਜੋਂ ਕੀਤੀ ਹੈ, ਜੋ ਵੈਸਟ ਸੇਂਟ ਪਾਲ ਕਸਬੇ ਦੇ ਰਹਿਣ ਵਾਲੇ ਹਨ ਅਤੇ ਭਾਈਚਾਰੇ ਵਿੱਚ ਚੰਗੀ ਜਾਣ-ਪਛਾਣ ਰੱਖਦੇ ਹਨ।
ਲੈਂਗਲੀ ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ 200 ਸਟਰੀਟ ਅਤੇ 60 ਐਵੇਨਿਊ ਸਥਿਤ ਪਲਾਜ਼ਾ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚ ਕੇ ਵੇਖਿਆ ਕਿ ਇੱਕ ਮਹਿੰਗੀ ਕਾਰ ਵਿੱਚ ਗੋਲੀਆਂ ਨਾਲ ਜ਼ਖ਼ਮੀ ਨੌਜਵਾਨ ਤੜਫ਼ ਰਿਹਾ ਸੀ। ਡਾਕਟਰੀ ਮਦਦ ਨਾਲ ਉਸ ਦੀ ਜਾਨ ਬਚਾਉਣ ਦੇ ਯਤਨਾਂ ਦੌਰਾਨ ਹੀ ਉਸ ਨੇ ਦਮ ਤੋੜ ਦਿੱਤਾ।
ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ 75 ਐਵੇਨਿਊ ਅਤੇ 232 ਸਟਰੀਟ ’ਤੇ ਇੱਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਨੂੰ ਹੱਤਿਆਰਿਆਂ ਦੀ ਹੀ ਕਾਰਵਾਈ ਮੰਨਿਆ ਜਾ ਰਿਹਾ ਹੈ। ਅਕਸਰ ਬਦਮਾਸ਼ਾਂ ਵੱਲੋਂ ਵੱਡੀ ਵਾਰਦਾਤ ਤੋਂ ਬਾਅਦ ਪਛਾਣ ਦੇ ਸਬੂਤ ਮਿਟਾਉਣ ਲਈ ਇਹ ਢੰਗ ਅਪਣਾਇਆ ਜਾਂਦਾ ਹੈ।
ਵਿੰਨੀਪੈਗ ਨੇੜਲੀ ਘਟਨਾ ਬਾਰੇ ਉੱਥੋਂ ਦੀ ਪੁਲੀਸ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਵੈਸਟ ਸੇਂਟ ਪਾਲ ਕਸਬੇ ਦੇ ਇੱਕ ਘਰ ਦਾ ਤਲਾਸ਼ੀ ਵਾਰੰਟ ਲੈ ਕੇ ਜਾਂਚ ਕੀਤੀ ਗਈ। ਉੱਥੋਂ 13 ਮਾਰੂ ਹਥਿਆਰ, 2 ਹਜ਼ਾਰ ਕਾਰਤੂਸ, 20 ਹਜ਼ਾਰ ਡਾਲਰ ਨਕਦੀ ਅਤੇ ਹੋਰ ਕਈ ਤਰ੍ਹਾਂ ਦਾ ਨਜਾਇਜ਼ ਸਾਮਾਨ ਬਰਾਮਦ ਕੀਤਾ ਗਿਆ।
ਪੁਲੀਸ ਅਨੁਸਾਰ ਦੋ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਤੋਂ ਬਾਅਦ ਅੱਜ ਉਨ੍ਹਾਂ ’ਤੇ 23 ਦੋਸ਼/ਜੁਰਮ ਆਇਦ ਕੀਤੇ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Punjabi Man Killed In Langley Two Punjabis Arrested With A Consignment Of Weapons