ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਦੀ ਵਿਸ਼ੇਸ਼ ਇਕੱਤਰਤਾ
October 7, 2026 / punjab
Punjabi Pehchan /
Amritsar
ਸਿੱਖ ਸੰਸਥਾਵਾਂ ਨੂੰ ਜਾਣਬੁੱਝ ਕੇ ਨਿਸ਼ਾਨੇ ’ਤੇ ਲੈ ਕੇ ਕੀਤੇ ਜਾ ਰਹੇ ਪ੍ਰਚਾਰ ’ਤੇ ਚਿੰਤਾ ਪ੍ਰਗਟ ਕੀਤੀ ਗਈ
ਇਕਪਾਸੜ ਜਾਂ ਬਿਨਾਂ ਤੱਥਾਂ ਦੀ ਬਿਆਨਬਾਜ਼ੀ ਦਾ ਜਵਾਬ ਸੰਜਮ ਅਤੇ ਤੱਥਾਂ ਨਾਲ ਦਿੱਤਾ ਜਾਵੇ
ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ (ਸਕੂਲਾਂ) ਦੇ ਪ੍ਰਿੰਸੀਪਲ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਪ੍ਰਬੰਧਕੀ ਬਲਾਕ ਵਿਖੇ ਹੋਈ, ਜਿਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਸਕੱਤਰ ਵਿਦਿਆ ਸੁਖਮਿੰਦਰ ਸਿੰਘ ਅਤੇ ਡਿਪਟੀ ਡਾਇਰੈਕਟਰ ਬੀਬੀ ਸਤਵੰਤ ਕੌਰ ਨੇ ਕੀਤੀ।
ਇਕੱਤਰਤਾ ਦੌਰਾਨ ਸਿੱਖ ਸੰਸਥਾਵਾਂ ਨੂੰ ਜਾਣਬੁੱਝ ਕੇ ਨਿਸ਼ਾਨੇ ’ਤੇ ਲੈ ਕੇ ਕੀਤੇ ਜਾ ਰਹੇ ਪ੍ਰਚਾਰ ’ਤੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਇਸ ਨੂੰ ਮੰਦਭਾਗਾ ਤੇ ਚਿੰਤਾਜਨਕ ਵਰਤਾਰਾ ਕਰਾਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਵੱਖ-ਵੱਖ ਮੰਚਾਂ ’ਤੇ ਸਿੱਖ ਸੰਸਥਾਵਾਂ ਅਤੇ ਸਿੱਖ ਸਿਧਾਂਤਾਂ ਸੰਬੰਧੀ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਪ੍ਰਚਾਰ ਦੀ ਪਛਾਣ ਕਰਨਾ ਸਮੇਂ ਦੀ ਲੋੜ ਹੈ। ਇਕੱਤਰਤਾ ਵਿਚ ਇਹ ਵਿਚਾਰ ਵੀ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਕਿ ਪੰਥ ਵਿਰੋਧੀ ਚਾਲਾਂ ਅਤੇ ਸਿੱਖ ਵਿਰੋਧੀ ਪ੍ਰਚਾਰ ਤੋਂ ਸੁਚੇਤ ਰਹਿਣਾ ਹਰ ਸਿੱਖ ਦੀ ਕੌਮੀ ਜ਼ਿੰਮੇਵਾਰੀ ਹੈ।
ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਅੱਜ ਲੋੜ ਹੈ ਕਿ ਸੰਸਥਾ ਬਾਰੇ ਹੋ ਰਹੀ ਇਕਪਾਸੜ ਜਾਂ ਬਿਨਾਂ ਤੱਥਾਂ ਦੀ ਬਿਆਨਬਾਜ਼ੀ ਦਾ ਜਵਾਬ ਸੰਜਮ ਅਤੇ ਤੱਥਾਂ ਨਾਲ ਦਿੱਤਾ ਜਾਵੇ। ਉਨ੍ਹਾਂ ਕਿਹਾ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸੰਸਥਾ ਨੇ ਪੰਥਕ ਕਾਰਜਾਂ ਵਿਚ ਹਮੇਸ਼ਾ ਮੋਹਰੀ ਹੋ ਕੇ ਭੂਮਿਕਾ ਨਿਭਾਈ ਅਤੇ ਵਿਦਿਅਕ ਅਦਾਰਿਆਂ ਨੂੰ ਵੀ ਸਮੇਂ ਦਾ ਹਾਣੀ ਬਨਾਉਣ ਲਈ ਵੀ ਵੱਡੇ ਯਤਨ ਕੀਤੇ ਹਨ।
Special Meeting Of Principals Of The Shiromani Committee s Educational Institutions