ਵਿਵਾਦਤ ਵੀਡੀਓ ਮਸਲੇ 'ਤੇ ਮੁੱਖ ਮੰਤਰੀ ਮਾਨ ਵਲੋਂ ਜਥੇਦਾਰ ਦੇ ਸਨਮੁਖ ਰੱਖੇ ਪੱਖ ਦੀ ਅਕਾਲ ਤਖ਼ਤ ਸਕੱਤਰੇਤ ਵਲੋਂ ਵੀਡੀਓ ਜਾਰੀ
June 20, 2026 / main news
ਵਿਵਾਦਤ ਵੀਡੀਓ ਮਸਲੇ 'ਤੇ ਮੁੱਖ ਮੰਤਰੀ ਮਾਨ ਵਲੋਂ ਜਥੇਦਾਰ ਦੇ ਸਨਮੁਖ ਰੱਖੇ ਪੱਖ ਦੀ ਅਕਾਲ ਤਖ਼ਤ ਸਕੱਤਰੇਤ ਵਲੋਂ ਵੀਡੀਓ ਜਾਰੀ
ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ
ਬੀਤੀ 15 ਜਨਵਰੀ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਵਾਇਰਲ ਵੀਡੀਓ ਤੇ ਹੋਰ ਮਾਮਲਿਆਂ
ਸਬੰਧੀ ਕੀਤੀ ਮੁਲਾਕਾਤ ਸਬੰਧੀ ਵੀਡੀਓ ਜਾਰੀ ਕੀਤੀ ਗਈ ਹੈ। ਸਕੱਤਰੇਤ ਵਲੋਂ ਜਾਰੀ ਲਿਖਤੀ ਸੂਚਨਾ
ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ 15 ਜਨਵਰੀ 2026 ਨੂੰ
ਉਨ੍ਹਾਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਵੱਖ-ਵੱਖ ਮਸਲਿਆਂ ਸਬੰਧੀ ਪੇਸ਼ ਹੋਣ ਲਈ
ਪੁੱਜੇ ਤਾਂ ਉਨ੍ਹਾਂ ਦੀ ਇਤਰਾਜ਼ਯੋਗ ਵੀਡੀਓ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ “ਇਹ ਬਿਲਕੁਲ
ਹੀ ਨਕਲੀ ਹੈ”। ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਵੀਡੀਓ ਦੀ ਜਾਂਚ ਹੋਵੇ,
ਉਹ ਫੋਰੈਂਸਿਕ ਲੈਬਾਂ ਦੇ ਪਤੇ ਦੇ ਦੇਣਗੇ ਅਤੇ ਅੱਜ ਕੱਲ੍ਹ ਏ.ਆਈ. (ਆਰਟੀਫੀਸ਼ੀਅਲ
ਇੰਟੈਲੀਜੈਂਸ) ਦਾ ਸਮਾਂ ਹੈ, ਮੇਰੇ ਤੋਂ ਇਲਾਵਾ ਹੋਰਾਂ ਦੀਆਂ ਵੀ ਏ.ਆਈ. ਵੀਡੀਓ ਬਣੀਆਂ ਹਨ। ਮੁੱਖ ਮੰਤਰੀ ਨੇ
ਆਖਿਆ ਕਿ ਉਹ ਆਪਣੀਆਂ ਨੰਗੀਆਂ ਅੱਖਾਂ, ਫੋਰੈਂਸਿਕ ਤੋਂ ਬਿਨਾਂ ਵੀ ਵੀਡੀਓ ਦੇ ਤੱਥਾਂ ਬਾਰੇ ਦੱਸ ਸਕਦੇ ਹਨ।
ਜਥੇਦਾਰ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਆਖਿਆ ਕਿ ਉਹ ਸਰਕਾਰ ਦੀਆਂ ਕੋਈ
ਦੋ ਅਜਿਹੀਆਂ ਫੋਰੈਂਸਿਕ ਲੈਬੋਰੇਟਰੀਆਂ ਦੱਸਣ ਜਿੱਥੋਂ ਵੀਡੀਓ ਦੀ ਜਾਂਚ ਹੋਵੇਗੀ। ਇਸ ਉੱਤੇ ਮੁੱਖ
ਮੰਤਰੀ ਨੇ ਜਾਂਚ ਕਰਵਾਉਣ ਲਈ ਹਾਮੀ ਭਰੀ। ਜਥੇਦਾਰ ਨੇ ਕਿਹਾ ਕਿ ਇਸ ਮਸਲੇ ਵਿਚ ਗੱਲ ਗੁਰੂ
ਸਾਹਿਬਾਨ ਨਾਲ ਸਬੰਧਤ ਹੈ ਅਤੇ ਜੇਕਰ ਵੀਡੀਓ ਗਲਤ ਵੀ ਹੈ ਤਾਂ ਇਸ ’ਤੇ ਕਿਸੇ ਦੀ ਕਿਰਦਾਰਕੁਸ਼ੀ
ਨਹੀਂ ਹੋਣੀ ਚਾਹੀਦੀ, ਪਰੰਤੂ ਵੀਡੀਓ ਸਹੀ ਜਾਂ ਗਲਤ ਦਾ ਨਿਚੋੜ ਫੋਰੈਂਸਿਕ ਜਾਂਚ ਰਾਹੀਂ ਹੀ ਨਿਕਲ ਸਕਦਾ
ਹੈ। ਮੁੱਖ ਮੰਤਰੀ ਭਗਵੰਤ ਸਿੰਘ ਨੇ ਸਿੰਘ ਸਾਹਿਬ ਨੂੰ ਕਿਹਾ ਕਿ ਜਾਂਚ ਆਪ ਦੀ ਦੇਖ-ਰੇਖ ਵਿਚ ਹੀ
ਜਿਹੜੀ ਮਰਜ਼ੀ ਫੋਰੈਂਸਿਕ ਲੈਬ ਤੋਂ ਕਰਵਾ ਲਈ ਜਾਵੇ, ਅਸੀਂ
ਕਰਵਾ ਦਿਆਂਗੇ। ਸਿੰਘ ਸਾਹਿਬ ਨੇ ਪੁੱਛਿਆ ਕਿ ਕੀ ਤੁਸੀਂ ਇਸ ਵੀਡੀਓ ਦੀ ਜਾਂਚ ਕਰਵਾਈ ਹੈ। ਇਸ ’ਤੇ
ਮੁੱਖ ਮੰਤਰੀ ਜਵਾਬ ਦਿੰਦੇ ਹਨ ਕਿ ਸਾਡੇ ਕੋਲ ਕੋਰਟ ਦਾ ਆਰਡਰ ਹੈ ਕਿ ਇਹ ਵੀਡੀਓ ਹੀ ਗਲਤ ਹੈ।
ਜਥੇਦਾਰ ਗੜਗੱਜ ਨੇ ਆਖਿਆ ਕਿ ਉਨ੍ਹਾਂ ਨੇ ਕੋਰਟ ਦਾ ਆਰਡਰ ਪੜ੍ਹਿਆ ਹੈ, ਅਦਾਲਤ ਨੇ
ਇਸ ਵੀਡੀਓ ਦੀ ਜਾਂਚ ਨਹੀਂ ਕਰਵਾਈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਆਪ (ਸਿੰਘ ਸਾਹਿਬ) ਕਹਿੰਦੇ
ਹਨ ਤਾਂ ਉਹ ਫੋਰੈਂਸਿਕ ਜਾਂਚ ਕਰਵਾਉਣ ਲਈ ਤਿਆਰ ਹਨ।
ਇਸ ਉਪਰੰਤ ਜਥੇਦਾਰ ਗੜਗੱਜ ਮੁੱਖ ਮੰਤਰੀ ਨੂੰ ਕੋਈ ਦੋ ਫੋਰੈਂਸਿਕ ਲੈਬਾਂ ਦੱਸਣ ਲਈ
ਆਖਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਵੀਡੀਓ ਦੀ ਜਾਂਚ ਕਰਵਾਇਗਾ। ਉਨ੍ਹਾਂ ਕਿਹਾ ਕਿ ਜੇਕਰ
ਵੀਡੀਓ ਝੂਠੀ ਹੋਈ ਤਾਂ ਸਿੱਧ ਹੋ ਜਾਵੇਗਾ ਅਤੇ ਜੇਕਰ ਸੱਚੀ ਨਿਕਲੀ ਤਾਂ ਇਸ ਦਾ ਅਗਲਾ ਫ਼ੈਸਲਾ
ਖ਼ਾਲਸਾ ਪੰਥ ਕਰੇਗਾ। ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਖਰੇ ਤੌਰ ਉੱਤੇ ਵੀ
ਦੋ ਲੈਬਾਂ ਤੋਂ ਜਾਂਚ ਕਰਵਾਏਗਾ ਪਰੰਤੂ ਸਰਕਾਰ ਵੀ ਆਪਣੇ ਤਰਫ਼ੋਂ ਦੋ ਲੈਬਾਂ ਤੋਂ ਕਰਵਾ ਕੇ ਦੇਵੇ।
ਸਕੱਤਰੇਤ ਵੱਲੋਂ ਜਾਰੀ ਸੂਚਨਾ ਵਿੱਚ ਹੇਠ ਲਿਖੇ ਪੱਖ ਵੀ ਉਜਾਗਰ ਕੀਤੇ ਗਏ ਹਨ।
ਜ਼ਰੂਰੀ ਪੱਖ
• ਭਗਵੰਤ ਸਿੰਘ ਨੂੰ ਜਦੋਂ ਵੀਡੀਓ ਬਾਰੇ ਸਵਾਲ ਕੀਤਾ ਗਿਆ ਤਾਂ ਇਹ ਮੰਨੇ ਕਿ ਵੀਡੀਓ
ਦੀ ਜਾਂਚ ਜ਼ਰੂਰੀ ਹੈ।
• ਜੇ ਵੀਡੀਓ ਗਲਤ ਹੈ ਤਾਂ ਕਿਸੇ ਦੀ ਕਿਰਦਾਰ ਕੁਸ਼ੀ ਨਹੀਂ ਹੋਣੀ ਚਾਹੀਦੀ।
• ਜੇ ਅਸਲੀ ਹੈ ਤਾਂ ਖ਼ਾਲਸਾ ਪੰਥ ਫੈਸਲਾ ਕਰੇਗਾ।
• ਭਗਵੰਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਕਿਹਾ ਕਿ ਵੀਡੀਓ ਨਕਲੀ ਹੈ,
ਜਦਕਿ ਜਾਂਚ ਵਿਚ ਵੀਡੀਓ ਸਹੀ ਪਾਈ ਗਈ ਹੈ।
• ਭਗਵੰਤ ਸਿੰਘ ਨੂੰ ਇਹ ਵੀ ਦੱਸਿਆ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ ਵਲੋਂ ਦੋ
ਲੈਬਾਂ ਤੋਂ ਜਾਂਚ ਕਰਵਾਏਗਾ।
• ਭਗਵੰਤ ਸਿੰਘ ਨੇ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਖੁਦ ਹੀ ਜਾਂਚ ਕਰਵਾ
ਲਵੇ।
• ਫੇਰ ਵੀ ਭਗਵੰਤ ਸਿੰਘ ਨੂੰ ਕਿਹਾ ਗਿਆ ਕਿ ਉਹ ਆਪਣੇ ਵਲੋਂ ਦੋ ਲੈਬਾਂ ਦੇ ਨਾਮ ਜ਼ਰੂਰ
ਦੇਣ, ਜੋ ਕਿ ਉਨ੍ਹਾਂ ਵਲੋਂ ਅੱਜ ਤੱਕ ਨਹੀਂ ਦਿੱਤੇ ਗਏ।
• ਭਗਵੰਤ ਸਿੰਘ ਨੇ ਕਿਹਾ ਕਿ, “ਜਗਮਨ ਸਮਰਾ ਨਸ਼ਾ ਕਰਦਾ ਹੈ, ਉਸ ਨੂੰ
ਸੰਗਲ ਲੱਗਦੇ ਹਨ, ਉਹ ਇਸ ਤਰ੍ਹਾਂ ਦੀਆਂ ਵੀਡੀਓ ਪਾਉਂਦਾ ਰਹਿੰਦਾ ਹੈ, ਇਸ ਤੋਂ
ਪਹਿਲਾਂ ਉਸ ਨੇ ਇਸ ਕਮਰੇ ਦੀਆਂ ਮੇਰੀਆਂ ਹੋਰ ਵੀ ਵੀਡੀਓ ਭੇਜੀਆਂ ਹਨ। ਫੋਰੈਂਸਿਕ ਜਾਂਚ ਕਰਵਾਉਣ
ਦਾ ਮਤਲਬ? ਜੇਕਰ ਤੁਸੀਂ (ਸਿੰਘ ਸਾਹਿਬ) ਕਹਿੰਦੇ ਹੋ ਤਾਂ ਅਸੀਂ (ਸਰਕਾਰ) (ਜਾਂਚ) ਕਰਵਾ
ਦਿੰਦੇ ਹਾਂ।
Cm Vidio Dispute