ਸਿਆਟਲ ਏਅਰਪੋਰਟ ’ਤੇ ਪਿਓ-ਧੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ICE ਦੀ ਕਾਰਵਾਈ ਦਾ ਵਿਰੋਧ, ਪੋਰਟ ਆਫ਼ ਸਿਆਟਲ ਵੱਲੋਂ ਕਾਰਵਾਈਆਂ ਬੰਦ ਕਰਨ ਦੀ ਮੰਗ
November 25, 2026 / main news
Punjabi Pehchan /
Seattle,WA
ਕੈਲੀਫੋਰਨੀਆ ਜਾ ਰਹੇ ਪਿਓ-ਧੀ ਨੂੰ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਕੀਤਾ ਗਿਆ ਗ੍ਰਿਫ਼ਤਾਰ
ਸੀਐਟਲ, ਵਾਸ਼ਿੰਗਟਨ (ਪੰਜਾਬੀ ਪਹਿਚਾਣ ਬਿਊਰੋ) — ਸਿਆਟਲ-ਟੈਕੋਮਾ ਇੰਟਰਨੈਸ਼ਨਲ ਏਅਰਪੋਰਟ ’ਤੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ICE) ਵੱਲੋਂ ਪਿਓ-ਧੀ ਨੂੰ ਗ੍ਰਿਫ਼ਤਾਰ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੋਰਟ ਆਫ਼ ਸਿਆਟਲ ਨੇ ਇਸ ਕਾਰਵਾਈ ’ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਦੋਵੇਂ ਲਾਸ ਏਂਜਲਸ ਜਾਣ ਵਾਲੀ ਉਡਾਣ ਵਿੱਚ ਸਵਾਰ ਹੋਣ ਜਾ ਰਹੇ ਸਨ, ਜਦੋਂ ICE ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਪਰਿਵਾਰ ਦੀ ਵਕੀਲ ਓਲੀਆ ਕੈਟਾਲਾ ਮੁਤਾਬਕ, ਪਿਓ-ਧੀ ਸਾਲ 2015 ਤੋਂ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਸ਼ਰਨ (Asylum) ਲਈ ਅਰਜ਼ੀ ਦਿੱਤੀ ਹੋਈ ਹੈ। ਉਹ ਕੈਲੀਫੋਰਨੀਆ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਵਕੀਲ ਅਨੁਸਾਰ ਦੋਵਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।
ਦੂਜੇ ਪਾਸੇ ICE ਦਾ ਕਹਿਣਾ ਹੈ ਕਿ ਦੋਵੇਂ ਆਪਣੇ ਵੀਜ਼ਿਆਂ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਅਮਰੀਕਾ ਵਿੱਚ ਰਹਿ ਰਹੇ ਸਨ।
ਗ੍ਰਿਫ਼ਤਾਰੀ ਦੌਰਾਨ ICE ਨੇ ਔਰਤ ’ਤੇ ਅਧਿਕਾਰੀਆਂ ਵੱਲ ਕੌਫੀ ਸੁੱਟਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਵਕੀਲ ਦਾ ਕਹਿਣਾ ਹੈ ਕਿ ਅਚਾਨਕ ਹੋਈ ਕਾਰਵਾਈ ਕਾਰਨ ਘਬਰਾਹਟ ਵਿੱਚ ਉਸ ਦੇ ਹੱਥੋਂ ਕੌਫੀ ਡਿੱਗ ਗਈ ਸੀ।
ਦੋਵਾਂ ਨੂੰ ਟੈਕੋਮਾ ਸਥਿਤ ਨਾਰਥਵੈਸਟ ICE ਪ੍ਰੋਸੈਸਿੰਗ ਸੈਂਟਰ ਵਿੱਚ ਹਿਰਾਸਤ ਅਧੀਨ ਰੱਖਿਆ ਗਿਆ ਹੈ।
ਪੋਰਟ ਆਫ਼ ਸਿਆਟਲ ਵੱਲੋਂ ਸਖ਼ਤ ਪ੍ਰਤੀਕਿਰਿਆ
ਪੋਰਟ ਆਫ਼ ਸਿਆਟਲ ਨੇ ਕਿਹਾ ਕਿ ਅਮਰੀਕੀ ਏਅਰਪੋਰਟਾਂ ’ਤੇ ਇਸ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਕਾਰਵਾਈਆਂ ਯਾਤਰੀਆਂ ਅਤੇ ਏਅਰਪੋਰਟ ਦੇ ਕੰਮਕਾਜ ਵਿੱਚ ਵਿਘਨ ਪਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।
ਪੋਰਟ ਨੇ ਫੈਡਰਲ ਸਰਕਾਰ ਅਤੇ ਕਾਂਗਰਸ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰੇਲੂ ਉਡਾਣਾਂ ਦੇ ਯਾਤਰੀਆਂ ਵਿਰੁੱਧ ਏਅਰਪੋਰਟਾਂ ’ਤੇ ਹੋ ਰਹੀਆਂ ਅਜਿਹੀਆਂ ICE ਕਾਰਵਾਈਆਂ ਨੂੰ ਰੋਕਣ ਲਈ ਕਦਮ ਚੁੱਕਣ।
ਪੋਰਟ ਪ੍ਰਸ਼ਾਸਨ ਨੇ ਪੂਰੇ ਮਾਮਲੇ ਦੀ ਸਮੀਖਿਆ ਕਰਨ ਅਤੇ ਫੈਡਰਲ ਏਜੰਸੀਆਂ ਤੋਂ ਕਾਰਵਾਈ ਤੋਂ ਪਹਿਲਾਂ ਸੂਚਨਾ ਦੇਣ ਦੀ ਮੰਗ ਵੀ ਕੀਤੀ ਹੈ।
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਭਾਵੇਂ ਏਅਰਪੋਰਟ ਦਾ ਸੰਚਾਲਨ ਪੋਰਟ ਆਫ਼ ਸਿਆਟਲ ਕਰਦਾ ਹੈ, ਪਰ ਫੈਡਰਲ ਕਾਨੂੰਨਾਂ ਅਧੀਨ ICE ਵਰਗੀਆਂ ਏਜੰਸੀਆਂ ਬਿਨਾਂ ਅਗਾਊਂ ਸੂਚਨਾ ਦਿੱਤੇ ਵੀ ਏਅਰਪੋਰਟ ਵਿੱਚ ਦਾਖ਼ਲ ਹੋ ਸਕਦੀਆਂ ਹਨ।
Seattle Airport ICE Arrest Sea Tac Airport Port Of Seattle ICE Immigration Enforcement Tacoma Detention Center Washington News Punjabi Pehchan USA Immigration News