ਪੰਜਾਬੀ ਭਾਈਚਾਰੇ ਦੀ ਧੀ ਜਸਨੂਰ ਕੌਰ ਹਾਂਸ ਸਟੇਟ ਰਿਪ੍ਰੀਜ਼ੈਂਟੇਟਿਵ ਦੀ ਚੋਣ ਲੜੇਗੀ
July 7, 2026
ਪੰਜਾਬੀ ਭਾਈਚਾਰੇ ਦੀ ਧੀ ਜਸਨੂਰ ਕੌਰ ਹਾਂਸ ਸਟੇਟ ਰਿਪ੍ਰੀਜ਼ੈਂਟੇਟਿਵ ਦੀ ਚੋਣ ਲੜੇਗੀ
ਸਿੱਖਿਆ, ਕਿਫ਼ਾਇਤੀ ਰਿਹਾਇਸ਼, ਪਰਵਾਸੀ ਪਰਿਵਾਰਾਂ ਦੇ ਹੱਕ ਅਤੇ ਜਵਾਬਦੇਹ ਸਰਕਾਰ ਬਣਾਉਣਾ ਚੋਣ ਮੁਹਿੰਮ ਦਾ ਕੇਂਦਰ
ਕੈਂਟ, ਵਾਸ਼ਿੰਗਟਨ (ਗੁਰਪ੍ਰੀਤ ਸਿੰਘ ਧੰਜੂ) – ਵਾਸ਼ਿੰਗਟਨ ਰਾਜ ਦੇ 47ਵੇਂ ਵਿਧਾਨ ਸਭਾ
ਹਲਕੇ (ਪੋਜ਼ੀਸ਼ਨ ਨੰਬਰ 1) ਲਈ 4 ਅਗਸਤ 2026 ਨੂੰ ਹੋਣ ਵਾਲੀ ਪ੍ਰਾਇਮਰੀ ਚੋਣ ਵਿੱਚ ਪੰਜਾਬੀ
ਭਾਈਚਾਰੇ ਵੱਲੋਂ ਜਸਨੂਰ ਕੌਰ ਹਾਂਸ ਆਪਣੀ ਕਿਸਮਤ ਅਜ਼ਮਾ ਰਹੀ ਹੈ। ਉਨ੍ਹਾਂ ਦਾ ਮੁਕਾਬਲਾ ਮੌਜੂਦਾ
ਵਿਧਾਇਕ ਡੈਬਰਾ ਐਂਟਨਮੈਨ, ਕੋਬੀ ਕਲਾਰਕ ਅਤੇ ਲੋਗਨ ਇਵਾਨਸ ਨਾਲ ਹੋਵੇਗਾ।
ਪੰਜਾਬੀ ਪਹਿਚਾਣ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਜਸਨੂਰ ਕੌਰ ਹਾਂਸ ਨੇ ਕਿਹਾ ਕਿ
ਉਹ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਸਮਝਣ ਵਾਲੀ, ਜਵਾਬਦੇਹ
ਅਤੇ ਹਰ ਵਰਗ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਵਾਲੀ ਲੀਡਰਸ਼ਿਪ ਦੇਣ ਦੇ ਮਕਸਦ ਨਾਲ ਚੋਣ ਮੈਦਾਨ
ਵਿੱਚ ਉਤਰੀ ਹੈ।
ਉਨ੍ਹਾਂ ਕਿਹਾ ਕਿ ਉਹ ਪੰਜਾਬੀ ਪਰਿਵਾਰ ਨਾਲ ਸਬੰਧਤ ਹਨ ਅਤੇ ਦੱਖਣੀ ਕਿੰਗ ਕਾਊਂਟੀ
ਵਿੱਚ ਪਲਣ-ਵਧਣ ਦੌਰਾਨ ਮਿਹਨਤੀ ਪਰਿਵਾਰਾਂ ਦੀਆਂ ਚੁਣੌਤੀਆਂ ਨੂੰ ਨੇੜਿਓਂ ਦੇਖਿਆ ਹੈ। ਮਾਪਿਆਂ
ਦੀਆਂ ਕੁਰਬਾਨੀਆਂ, ਸੰਘਰਸ਼ ਅਤੇ ਭਾਈਚਾਰੇ ਨਾਲ ਜੁੜੇ ਤਜਰਬਿਆਂ ਨੇ ਉਨ੍ਹਾਂ ਨੂੰ ਲੋਕ ਸੇਵਾ ਦੇ ਰਾਹ
’ਤੇ ਚੱਲਣ ਦੀ ਪ੍ਰੇਰਣਾ ਦਿੱਤੀ।
ਜਸਨੂਰ ਕੌਰ ਹਾਂਸ ਨੇ ਕਿਹਾ ਕਿ ਸਕੂਲਾਂ ਅਤੇ ਪਰਵਾਸੀ ਪਰਿਵਾਰਾਂ ਨਾਲ ਕੰਮ ਕਰਦਿਆਂ
ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕਈ ਯੋਗ ਅਤੇ ਮਿਹਨਤੀ ਲੋਕ ਸਿਰਫ਼ ਪ੍ਰਣਾਲੀ ਦੀਆਂ ਕਮੀਆਂ ਕਾਰਨ
ਆਪਣੇ ਹੱਕਾਂ ਅਤੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨ। ਸਿੱਖਿਆ ਵਿੱਚ ਅਸਮਾਨਤਾਵਾਂ, ਭਾਸ਼ਾਈ
ਰੁਕਾਵਟਾਂ ਅਤੇ ਕਾਨੂੰਨੀ ਪ੍ਰਕਿਰਿਆਵਾਂ ਦੀ ਜਟਿਲਤਾ ਨੇ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ
ਅਸਲ ਬਦਲਾਅ ਲਈ ਅਜਿਹੀ ਅਗਵਾਈ ਦੀ ਲੋੜ ਹੈ ਜੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝੇ ਅਤੇ ਉਨ੍ਹਾਂ
ਦੇ ਹੱਲ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ।
ਉਨ੍ਹਾਂ ਕਿਹਾ ਕਿ 47ਵਾਂ ਵਿਧਾਨ ਸਭਾ ਹਲਕਾ ਵਾਸ਼ਿੰਗਟਨ ਦੇ ਸਭ ਤੋਂ ਵਿਭਿੰਨਤਾ ਭਰੇ
ਹਲਕਿਆਂ ਵਿੱਚੋਂ ਇੱਕ ਹੈ ਅਤੇ ਇਹੀ ਵਿਭਿੰਨਤਾ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਦਾ
ਸੁਪਨਾ ਅਜਿਹਾ ਸਮਾਜ ਸਿਰਜਣਾ ਹੈ, ਜਿੱਥੇ ਹਰ ਬੱਚੇ ਨੂੰ ਉਸਦੇ ਰਹਿਣ ਵਾਲੇ ਇਲਾਕੇ ਦੀ ਬਜਾਏ ਉਸਦੀ ਯੋਗਤਾ ਦੇ ਆਧਾਰ
’ਤੇ ਬਰਾਬਰ ਮੌਕੇ ਮਿਲਣ, ਮਿਹਨਤੀ ਪਰਿਵਾਰ ਆਪਣੇ ਹੀ ਇਲਾਕਿਆਂ ਵਿੱਚ ਕਿਫ਼ਾਇਤੀ ਰਿਹਾਇਸ਼ ਪ੍ਰਾਪਤ ਕਰ ਸਕਣ,
ਪਰਵਾਸੀਆਂ ਨੂੰ ਸਨਮਾਨ ਅਤੇ ਲੋੜੀਂਦੀਆਂ ਸਰਕਾਰੀ ਸੇਵਾਵਾਂ ਤੱਕ ਆਸਾਨ ਪਹੁੰਚ ਮਿਲੇ
ਅਤੇ ਸਰਕਾਰ ਲੋਕਾਂ ਪ੍ਰਤੀ ਪੂਰੀ ਤਰ੍ਹਾਂ ਜਵਾਬਦੇਹ ਹੋਵੇ।
ਉਨ੍ਹਾਂ ਦੱਸਿਆ ਕਿ ਉੱਚ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਕੈਂਟ ਸਕੂਲ
ਡਿਸਟ੍ਰਿਕਟ ਵਿੱਚ ਪੈਰਾ-ਐਜੂਕੇਟਰ ਵਜੋਂ ਸੇਵਾ ਨਿਭਾਈ। ਇਸ ਤੋਂ ਬਾਅਦ ਪਰਵਾਸੀ ਬੱਚਿਆਂ ਨੂੰ
ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਵਾਲੀ ਸੰਸਥਾ Kids in Need of Defense ਨਾਲ ਕੰਮ
ਕੀਤਾ ਅਤੇ ਇਸ ਵੇਲੇ ਉਹ ਪਰਿਵਾਰਕ ਕਾਨੂੰਨ ਦੇ ਖੇਤਰ ਵਿੱਚ ਸੇਵਾਵਾਂ ਨਿਭਾ ਰਹੀ ਹੈ।
ਜਸਨੂਰ ਕੌਰ ਹਾਂਸ ਨੇ ਕਿਹਾ ਕਿ ਜੇਕਰ ਉਹ ਚੁਣੀ ਜਾਂਦੀ ਹੈ ਤਾਂ ਸਿੱਖਿਆ ਵਿੱਚ
ਬਰਾਬਰੀ ਦੇ ਮੌਕੇ ਯਕੀਨੀ ਬਣਾਉਣ, ਕਿਫ਼ਾਇਤੀ ਰਿਹਾਇਸ਼ ਦਾ ਵਿਸਥਾਰ ਕਰਨ, ਮਾਨਸਿਕ
ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ, ਭਾਈਚਾਰਾ-ਅਧਾਰਿਤ ਜਨ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਪਰਵਾਸੀ
ਅਤੇ ਮਿਹਨਤੀ ਪਰਿਵਾਰਾਂ ਲਈ ਭਾਸ਼ਾਈ ਅਤੇ ਕਾਨੂੰਨੀ ਸਹਾਇਤਾ ਵਿੱਚ ਵਾਧਾ ਕਰਨ ਅਤੇ ਸਰਕਾਰੀ
ਯੋਜਨਾਵਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਬਣਾਉਣ ਲਈ ਕੰਮ ਕਰੇਗੀ।
ਕੌਣ ਹੈ ਜਸਨੂਰ ਕੌਰ ਹਾਂਸ?
ਜਸਨੂਰ ਕੌਰ ਹਾਂਸ ਦਾ ਜਨਮ ਅਮਰੀਕਾ ਵਿੱਚ ਹੋਇਆ। ਉਨ੍ਹਾਂ ਨੇ University
of Washington ਤੋਂ ਬੈਚਲਰ ਡਿਗਰੀ ਹਾਸਲ ਕਰਨ ਉਪਰੰਤ ਮਾਸਟਰ ਆਫ਼ ਲੀਗਲ ਸਟੱਡੀਜ਼ ਦੀ ਪੜ੍ਹਾਈ
ਪੂਰੀ ਕੀਤੀ।
ਉਨ੍ਹਾਂ ਦੇ ਪਿਤਾ ਕੁਲਦੀਪ ਸਿੰਘ ਅਤੇ ਮਾਤਾ ਅਮਨਦੀਪ ਕੌਰ ਪੰਜਾਬ ਦੇ ਲੁਧਿਆਣਾ
ਜ਼ਿਲ੍ਹੇ ਦੇ ਪਿੰਡ ਕਿਲਾ ਹਾਂਸ ਨਾਲ ਸਬੰਧਤ ਹਨ ਅਤੇ ਇਸ ਸਮੇਂ ਕੈਂਟ (ਵਾਸ਼ਿੰਗਟਨ) ਵਿੱਚ ਰਹਿ ਰਹੇ
ਹਨ। ਜਸਨੂਰ ਕੌਰ ਦੇ ਪਰਿਵਾਰ ਵਿੱਚ ਮਾਤਾ-ਪਿਤਾ ਤੋਂ ਇਲਾਵਾ ਇੱਕ ਛੋਟਾ ਭਰਾ ਅਤੇ ਇੱਕ ਛੋਟੀ ਭੈਣ
ਵੀ ਹਨ।
ਵਾਸ਼ਿੰਗਟਨ ਰਾਜ ਦੀ ਪ੍ਰਾਇਮਰੀ ਚੋਣ 4 ਅਗਸਤ 2026 ਨੂੰ ਹੋਵੇਗੀ। ਜੇਕਰ ਜਸਨੂਰ ਕੌਰ
ਹਾਂਸ ਇਸ ਪ੍ਰਾਇਮਰੀ ਚੋਣ ਵਿੱਚ ਚੋਟੀ ਦੇ ਦੋ ਉਮੀਦਵਾਰਾਂ ਵਿੱਚ ਆਪਣੀ ਥਾਂ ਬਣਾਉਣ ਵਿੱਚ ਸਫ਼ਲ
ਰਹਿੰਦੀ ਹੈ, ਤਾਂ ਉਹ 3 ਨਵੰਬਰ 2026 ਨੂੰ ਹੋਣ ਵਾਲੀ ਜਨਰਲ ਚੋਣਾਂ ਵਿੱਚ ਹਿੱਸਾ ਲਵੇਗੀ,
ਜਿੱਥੇ ਜੇਤੂ ਉਮੀਦਵਾਰ ਦਾ ਫ਼ੈਸਲਾ ਕੀਤਾ ਜਾਵੇਗਾ
Jasnoor Kaur Hans To Run For State Representative
Recommended Posts
Religious
@Punjabi Pehchan
@Punjabi Pehchan
@Punjabi Pehchan
Latest
Most Visited Stories