ਉੱਘੇ ਕਾਰੋਬਾਰੀ ਤੇ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਦਾ ਦੇਹਾਂਤ, ਅੰਤਿਮ ਅਰਦਾਸ 29 ਨਵੰਬਰ ਨੂੰ
November 27, 2026 / canada
Manjinder Pannu /
Abbotsford,BC
ਅਦਾਰਾ ਪੰਜਾਬੀ ਪਹਿਚਾਣ ਵੱਲੋਂ ਖੰਗੂੜਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ
ਐਬਟਸਫੋਰਡ, ਬੀ.ਸੀ (ਮਨਜਿੰਦਰ ਪੰਨੂ )ਦੇਸ਼ਾਂ-ਵਿਦੇਸ਼ਾਂ ਵਿੱਚ ਕਾਰੋਬਾਰੀ ਖੇਤਰ ’ਚ ਵੱਡੀਆਂ ਸਫ਼ਲਤਾਵਾਂ ਹਾਸਲ ਕਰਨ ਵਾਲੇ ਉੱਘੇ ਕਾਰੋਬਾਰੀ, ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਜਗਪਾਲ ਸਿੰਘ ਖੰਗੂੜਾ 22 ਨਵੰਬਰ 2026 ਨੂੰ ਅਕਾਲ ਚਲਾਣਾ ਕਰ ਗਏ। ਉਹ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਦੇ ਪਿਤਾ ਸਨ।
ਸਰਦਾਰ ਜਗਪਾਲ ਸਿੰਘ ਖੰਗੂੜਾ ਨੇ ਆਪਣੀ ਮਿਹਨਤ, ਦੂਰਅੰਦੇਸ਼ੀ ਅਤੇ ਕਾਰੋਬਾਰੀ ਸੂਝ-ਬੂਝ ਸਦਕਾ ਬਰਤਾਨੀਆ ਵਿੱਚ ਹੋਟਲ ਕਾਰੋਬਾਰ ਦੇ ਖੇਤਰ ਵਿੱਚ ਵੱਡਾ ਮੁਕਾਮ ਹਾਸਲ ਕੀਤਾ। ਵਿਦੇਸ਼ਾਂ ਵਿੱਚ ਸਫ਼ਲ ਕਾਰੋਬਾਰੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਆਪਣੀ ਜਨਮ ਭੂਮੀ ਪੰਜਾਬ ਅਤੇ ਜੱਦੀ ਪਿੰਡ ਲਤਾਲਾ ਨਾਲ ਡੂੰਘਾ ਲਗਾਅ ਰਿਹਾ।
ਉਨ੍ਹਾਂ ਨੇ ਲੁਧਿਆਣਾ ਵਿੱਚ ਪਾਰਕ ਪਲਾਜ਼ਾ ਹੋਟਲ ਦੀ ਸਥਾਪਨਾ ਕਰਕੇ ਪੰਜਾਬ ਦੇ ਹੋਟਲ ਉਦਯੋਗ ਅਤੇ ਆਰਥਿਕ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉਹ ਲੰਮਾ ਸਮਾਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਸਰਗਰਮ ਰਹੇ।
ਪਰਿਵਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ 26 ਨਵੰਬਰ ਨੂੰ ਦੁਪਹਿਰ 1 ਵਜੇ ਪਿੰਡ ਲਤਾਲਾ, ਜ਼ਿਲ੍ਹਾ ਲੁਧਿਆਣਾ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ।
ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ ਐਤਵਾਰ, 29 ਨਵੰਬਰ 2026 ਨੂੰ ਦੁਪਹਿਰ 12 ਤੋਂ 1 ਵਜੇ ਤੱਕ ਖੰਗੂੜਾ ਫਾਰਮ ਹਾਊਸ, ਪਿੰਡ ਲਤਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗੀ।
ਅਦਾਰਾ ਪੰਜਾਬੀ ਪਹਿਚਾਣ ਵੱਲੋਂ ਖੰਗੂੜਾ ਅਤੇ ਗਰੇਵਾਲ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
Jagpal Singh Khangura Jassi Khangura Antim Ardas Latala Ludhiana Punjab News Park Plaza Ludhiana Punjabi Pehchan