ਸੈਨ ਜੋਜ਼ੇ ਵਿੱਚ ਨਾਬਾਲਗ ਯਾਤਰੀ ਨਾਲ ਘਟਨਾ, ਰਾਈਡਸ਼ੇਅਰ ਡਰਾਈਵਰ ਗ੍ਰਿਫ਼ਤਾਰ
September 23, 2026 / main news
Punjabi Pehchan /
San Jose,CA
ਸੈਨ ਹੋਜ਼ੇ ,ਕੈਲੀਫੋਰਨੀਆ — ਸੈਨ ਜੋਜ਼ੇ ਪੁਲਿਸ ਨੇ ਇੱਕ ਨਾਬਾਲਗ ਲੜਕੇ ਨਾਲ ਕਥਿਤ ਤੌਰ ’ਤੇ ਜਿਨਸੀ ਹਮਲਾ ਕਰਨ ਦੇ ਮਾਮਲੇ ਵਿੱਚ 32 ਸਾਲਾ ਰਾਈਡਸ਼ੇਅਰ ਡਰਾਈਵਰ ਅਨੁਜ ਕੁਮਾਰ, ਵਾਸੀ ਫੋਸਟਰ ਸਿਟੀ, ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ 12 ਸਤੰਬਰ ਦੀ ਰਾਤ ਕਰੀਬ 10:30 ਵਜੇ 100 ਬਲਾਕ ਪਾਸੇਓ ਡੀ ਸੈਨ ਐਂਟੋਨੀਓ ਵਿਖੇ ਜਿਨਸੀ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ’ਤੇ ਪਹੁੰਚੇ। ਜਾਂਚ ਦੌਰਾਨ ਸਾਹਮਣੇ ਆਇਆ ਕਿ ਨਾਬਾਲਗ ਲੜਕਾ ਇਕੱਲਾ ਰਾਈਡਸ਼ੇਅਰ ਵਾਹਨ ਵਿੱਚ ਸਫ਼ਰ ਕਰ ਰਿਹਾ ਸੀ, ਜਦੋਂ ਡਰਾਈਵਰ ਵੱਲੋਂ ਕਥਿਤ ਤੌਰ ’ਤੇ ਉਸ ਨਾਲ ਜਿਨਸੀ ਹਮਲਾ ਕੀਤਾ ਗਿਆ।
ਪੁਲਿਸ ਬੁਲਾਰੇ ਸਟੇਸੀ ਸ਼ਿਹ ਨੇ ਦੱਸਿਆ ਕਿ ਪੀੜਤ ਵੱਲੋਂ ਘਟਨਾ ਤੋਂ ਤੁਰੰਤ ਬਾਅਦ 911 ’ਤੇ ਕਾਲ ਕਰਨ ਨਾਲ ਜਾਂਚਕਰਤਾਵਾਂ ਨੂੰ ਸ਼ੱਕੀ ਵਿਅਕਤੀ ਤੱਕ ਜਲਦੀ ਪਹੁੰਚਣ ਵਿੱਚ ਮਦਦ ਮਿਲੀ।
ਪੁਲਿਸ ਨੇ ਆਟੋਮੈਟਿਕ ਲਾਇਸੈਂਸ ਪਲੇਟ ਕੈਮਰਿਆਂ ਦੀ ਮਦਦ ਨਾਲ ਕਥਿਤ ਤੌਰ ’ਤੇ ਵਰਤੇ ਗਏ ਵਾਹਨ ਨੂੰ ਟ੍ਰੈਕ ਕੀਤਾ ਅਤੇ ਅਨੁਜ ਕੁਮਾਰ ਦੀ ਪਛਾਣ ਕੀਤੀ। ਉਸ ਨੂੰ ਨਾਬਾਲਗ ਨਾਲ ਜਿਨਸੀ ਹਮਲੇ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਸਾਂਤਾ ਕਲਾਰਾ ਕਾਊਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ।
ਪੁਲਿਸ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਘਟਨਾ ਸਮੇਂ ਕੁਮਾਰ ਕਿਸ ਰਾਈਡਸ਼ੇਅਰ ਕੰਪਨੀ ਲਈ ਡਰਾਈਵਿੰਗ ਕਰ ਰਿਹਾ ਸੀ। ਸਾਂਤਾ ਕਲਾਰਾ ਕਾਊਂਟੀ ਡਿਸਟ੍ਰਿਕਟ ਅਟਾਰਨੀ ਦਫ਼ਤਰ ਨੇ ਕਿਹਾ ਹੈ ਕਿ ਮਾਮਲੇ ਦੀ ਸਮੀਖਿਆ ਜਾਰੀ ਹੈ ਅਤੇ ਹਾਲੇ ਰਸਮੀ ਦੋਸ਼ ਦਾਇਰ ਨਹੀਂ ਕੀਤੇ ਗਏ।
ਪੁਲਿਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਨਾਲ ਸਬੰਧਤ ਹੋਰ ਸੰਭਾਵਿਤ ਪੀੜਤ ਵੀ ਹੋ ਸਕਦੇ ਹਨ। ਮਾਮਲੇ ਬਾਰੇ ਜਾਣਕਾਰੀ ਰੱਖਣ ਵਾਲੇ ਵਿਅਕਤੀ San Jose Police Department Sexual Assault Investigation Unit ਨਾਲ 4684@sanjoseca.gov ਜਾਂ 408-277-4102 ’ਤੇ ਸੰਪਰਕ ਕਰ ਸਕਦੇ ਹਨ।
ਮਾਹਿਰਾਂ ਨੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਰਾਈਡਸ਼ੇਅਰ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਨਾਬਾਲਗਾਂ ਨਾਲ ਪਹਿਲਾਂ ਹੀ ਸੁਰੱਖਿਆ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈ, ਜਿਸ ਵਿੱਚ ਐਮਰਜੈਂਸੀ ਸੰਪਰਕ, ਅਸੁਰੱਖਿਅਤ ਮਹਿਸੂਸ ਹੋਣ ’ਤੇ ਮਦਦ ਮੰਗਣ ਅਤੇ ਲੋੜ ਪੈਣ ’ਤੇ ਰਾਈਡ ਰੋਕਣ ਦੇ ਤਰੀਕੇ ਸ਼ਾਮਲ ਹੋਣ।
Santa Clara County San Jose Police Department Rideshare Driver Arrest Sexual Assault Investigation Punjabi News Punjabi Pehchan