ਪਾਵਨ ਬੀੜਾਂ ਲੈਣ ਪਹੁੰਚੇ ਸਿੱਖਾਂ ਨੂੰ ਮਰਯਾਦਾ ਅਨੁਸਾਰ ਪ੍ਰਬੰਧ ਨਾ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨਹੀਂ ਦਿੱਤੀਆਂ ਗਈਆਂ
September 24, 2026 / main news
Punjabi Pehchan /
Surrey ,BC
ਸਰੀ, ਬ੍ਰਿਟਿਸ਼ ਕੋਲੰਬੀਆ (ਪੰਜਾਬੀ ਪਹਿਚਾਣ): ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ, ਸਰੀ ਵੱਲੋਂ ਜਾਰੀ ਕੀਤੇ ਇੱਕ ਪੱਤਰ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਨਾਲ ਸਬੰਧਤ ਇੱਕ ਮਾਮਲੇ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ ਗਈ ਹੈ।
ਪੱਤਰ ਅਨੁਸਾਰ 20 ਸਤੰਬਰ ਨੂੰ ਕੁਝ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਲੈਣ ਲਈ ਗੁਰਦੁਆਰਾ ਸਾਹਿਬ ਪਹੁੰਚੇ ਸਨ। ਲੋੜੀਂਦੇ ਕਾਗਜ਼ਾਤ ਪੂਰੇ ਕਰਨ ਤੋਂ ਬਾਅਦ ਜਦੋਂ ਪਾਵਨ ਬੀੜਾਂ ਗੱਡੀ ਵਿੱਚ ਸੁਸ਼ੋਭਿਤ ਕਰਨ ਲਈ ਲਿਜਾਈਆਂ ਗਈਆਂ ਤਾਂ ਗੱਡੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਅਨੁਸਾਰ ਲੋੜੀਂਦੇ ਪ੍ਰਬੰਧ ਪੂਰੇ ਨਾ ਹੋਣ ਦਾ ਪਤਾ ਲੱਗਾ।
ਇਸ ਕਾਰਨ ਪਾਵਨ ਬੀੜਾਂ ਨੂੰ ਗੱਡੀ ਵਿੱਚ ਲਿਜਾਣ ਦੀ ਬਜਾਏ ਵਾਪਸ ਗੁਰਦੁਆਰਾ ਸਾਹਿਬ ਲਿਆਂਦਾ ਗਿਆ ਅਤੇ ਸਤਿਕਾਰ ਸਹਿਤ ਸੁਸ਼ੋਭਿਤ ਕਰ ਦਿੱਤਾ ਗਿਆ।
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਇਸ ਮਾਮਲੇ ਸਬੰਧੀ ਸਬੰਧਤ ਵਿਅਕਤੀਆਂ ਨੂੰ ਤਾੜਨਾ ਕੀਤੀ ਗਈ। ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਨਾਲ ਸਬੰਧਤ ਹਰ ਕਾਰਜ ਸਿੱਖ ਮਰਯਾਦਾ ਅਤੇ ਪੂਰੇ ਸਤਿਕਾਰ ਨਾਲ ਕੀਤਾ ਜਾਣਾ ਚਾਹੀਦਾ ਹੈ।
ਕਮੇਟੀ ਨੇ ਇਹ ਵੀ ਕਿਹਾ ਕਿ ਇਸ ਘਟਨਾ ਨਾਲ ਸਬੰਧਤ ਵੀਡੀਓਜ਼ ਦੇ ਪ੍ਰਸਾਰ ਕਾਰਨ ਸਿੱਖ ਸੰਗਤ ਦੇ ਮਨਾਂ ਨੂੰ ਠੇਸ ਪਹੁੰਚ ਸਕਦੀ ਹੈ। ਇਸ ਲਈ ਅਜਿਹੇ ਮਾਮਲਿਆਂ ਵਿੱਚ ਸੰਜਮ ਵਰਤਣ ਅਤੇ ਮਰਯਾਦਾ ਦਾ ਪਾਲਣ ਕਰਨ ਦੀ ਲੋੜ ਹੈ।
ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ, ਸਰੀ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਸੇਵਾ-ਸੰਭਾਲ ਅਤੇ ਲਿਜਾਣ ਸਮੇਂ ਸਿੱਖ ਰਹਿਤ ਮਰਯਾਦਾ ਅਤੇ ਪੂਰੇ ਸਤਿਕਾਰ ਨੂੰ ਯਕੀਨੀ ਬਣਾਇਆ ਜਾਵੇ।
Surrey BC Punjabi Sikh Canada Punjabi Pehchan