ਛੇ ਲੱਖ ਡਾਲਰ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਮਨਜੀਤ ਸਿੰਘ ਬੇਦੀ ਭਾਰਤ ਤੋਂ ਅਮਰੀਕਾ ਲਿਆਂਦਾ ਗਿਆ
Punjabi Pehchan / Kent,WA
ਐੱਫਬੀਆਈ ਦੀ ‘ਮੋਸਟ ਵਾਂਟੇਡ ਫਰੌਡਸਟਰਜ਼’ ਸੂਚੀ ਵਿੱਚ ਸ਼ਾਮਲ ਹੋਣ ਮਗਰੋਂ ਭਾਰਤ ਵਿੱਚ ਹੋਈ ਸੀ ਗ੍ਰਿਫ਼ਤਾਰੀ
ਸਿਆਟਲ, 16 ਅਕਤੂਬਰ (ਪੰਜਾਬੀ ਪਹਿਚਾਣ): ਸੰਘੀ ਖੁਰਾਕ ਸਹਾਇਤਾ ਯੋਜਨਾ ਨਾਲ ਕਥਿਤ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਨਜੀਤ ਸਿੰਘ ਬੇਦੀ ਨੂੰ ਭਾਰਤ ਤੋਂ ਵਾਸ਼ਿੰਗਟਨ ਸੂਬੇ ਲਿਆਂਦਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਅਨੁਸਾਰ ਬੇਦੀ 14 ਅਕਤੂਬਰ ਦੀ ਰਾਤ ਇੱਥੇ ਪਹੁੰਚਿਆ। ਉਸ ਦਾ ਨਾਮ 3 ਸਤੰਬਰ ਨੂੰ ਐੱਫਬੀਆਈ ਦੀ ‘ਮੋਸਟ ਵਾਂਟੇਡ ਫਰੌਡਸਟਰਜ਼’ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਕੈਂਟ ਦਾ ਰਹਿਣ ਵਾਲਾ ਬੇਦੀ ਟਾਕੋਮਾ ਵਿੱਚ ‘ਏਸ਼ੀਅਨ ਗਰੋਸਰੀ ਸਟੋਰ’ ਚਲਾਉਂਦਾ ਸੀ। ਐੱਫਬੀਆਈ ਮੁਤਾਬਕ ਉਸ ਉੱਤੇ ਮਾਰਚ 2024 ਤੋਂ ਜੂਨ 2025 ਦਰਮਿਆਨ ਖੁਰਾਕ ਸਹਾਇਤਾ ਯੋਜਨਾ ‘ਸਨੈਪ’ ਦੇ ਘੱਟੋ-ਘੱਟ ਛੇ ਲੱਖ ਡਾਲਰ ਨਾਲ ਕਥਿਤ ਧੋਖਾਧੜੀ ਕਰਨ ਦਾ ਦੋਸ਼ ਹੈ। ਦੋਸ਼ਾਂ ਅਨੁਸਾਰ ਉਹ ਲਾਭਪਾਤਰੀਆਂ ਦੇ ਈਬੀਟੀ ਕਾਰਡਾਂ ਤੋਂ ਰਾਸ਼ਨ ਦੀ ਖ਼ਰੀਦ ਦਿਖਾ ਕੇ ਰਕਮ ਕੱਟਦਾ ਸੀ ਅਤੇ ਬਦਲੇ ਵਿੱਚ ਅੱਧੀ ਰਕਮ ਨਕਦ ਦੇ ਕੇ ਬਾਕੀ ਆਪਣੇ ਕੋਲ ਰੱਖਦਾ ਸੀ।
ਅਧਿਕਾਰੀਆਂ ਅਨੁਸਾਰ ਬੇਦੀ ਨੇ 22 ਅਪ੍ਰੈਲ ਨੂੰ ਅਦਾਲਤ ਵਿੱਚ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਅਤੇ ਇੱਕ ਹਫ਼ਤੇ ਦੇ ਅੰਦਰ ਅਮਰੀਕਾ ਛੱਡ ਗਿਆ ਸੀ। ਭਾਰਤੀ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਅਮਰੀਕੀ ਸੰਘੀ ਏਜੰਟਾਂ ਦੇ ਹਵਾਲੇ ਕੀਤਾ। ਐੱਫਬੀਆਈ ਨੇ ਉਸ ਦੀ ਵਾਪਸੀ ਲਈ ਦੋਵਾਂ ਦੇਸ਼ਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ।
ਬੇਦੀ ਖ਼ਿਲਾਫ਼ ਲੱਗੇ ਦੋਸ਼ ਅਜੇ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ। ਕਾਨੂੰਨ ਅਨੁਸਾਰ ਦੋਸ਼ ਸਾਬਤ ਹੋਣ ਤੱਕ ਉਸ ਨੂੰ ਨਿਰਦੋਸ਼ ਮੰਨਿਆ ਜਾਂਦਾ ਹੈ।
Manjit Bedi SNAP Fraud Allegations FBI Most Wanted Fraudsters Tacoma Grocery Store Washington State News India US Cooperation Punjabi Pehchan