January 17, 2026
Punjabi Pehchan / Britian
UK ਦੇ ਗੁਰਦੁਆਰਾ ਸਾਹਿਬ ਬਾਹਰ ਮਾਸ ਸੁੱਟਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ, CCTV ਨੇ ਖੋਲ੍ਹਿਆ ਰਾਜ਼
Live Punjabi TV Bureau
ਲੰਡਨ/ਵੈਸਟ ਬ੍ਰੋਮਵਿਚ: ਬ੍ਰਿਟੇਨ (UK) ਦੇ ਵੈਸਟ ਬ੍ਰੋਮਵਿਚ ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਨੀਅਤ ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਮਾਸ ਦਾ ਟੁਕੜਾ ਸੁੱਟਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ 42 ਸਾਲਾ ਟੋਮਾਜ਼ ਬਰੂਚ (Tomasz Brucz) ਵਜੋਂ ਹੋਈ ਹੈ, ਜਿਸਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ ਹੈ।
ਸੰਸਦ ਮੈਂਬਰ ਸਾਰਾਹ ਕੂੰਬਸ ਨੇ ਚੁੱਕਿਆ ਸੀ ਮੁੱਦਾ
ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਉਦੋਂ ਤੇਜ਼ ਹੋਈ ਜਦੋਂ ਵੈਸਟ ਬ੍ਰੋਮਵਿਚ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ (MP) ਸਾਰਾਹ ਕੂੰਬਸ ਨੇ ਇਸਨੂੰ ਬ੍ਰਿਟਿਸ਼ ਸੰਸਦ ਵਿੱਚ ਜ਼ੋਰਦਾਰ ਢੰਗ ਨਾਲ ਚੁੱਕਿਆ। 8 ਜਨਵਰੀ 2026 ਨੂੰ ਸੰਸਦ ਵਿੱਚ ਬੋਲਦਿਆਂ ਉਨ੍ਹਾਂ ਇਸਨੂੰ ਇੱਕ 'ਨਫ਼ਰਤੀ ਅਪਰਾਧ' (Hate Crime) ਕਰਾਰ ਦਿੱਤਾ ਸੀ ਅਤੇ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ। ਸਿਆਸੀ ਦਬਾਅ ਅਤੇ ਸੰਗਤ ਦੇ ਰੋਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ (CCTV) ਫੁਟੇਜ ਖੰਗਾਲੀ ਅਤੇ ਦੋਸ਼ੀ ਨੂੰ ਦਬੋਚ ਲਿਆ।
ਜਾਣਬੁੱਝ ਕੇ ਕੀਤੀ ਗਈ ਘਿਨੌਣੀ ਹਰਕਤ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟੋਮਾਜ਼ ਬਰੂਚ ਨੇ ਇਹ ਹਰਕਤ ਅਣਜਾਣੇ ਵਿੱਚ ਨਹੀਂ, ਸਗੋਂ ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਕੀਤੀ ਸੀ। ਪੁਲਿਸ ਨੇ ਇਸਨੂੰ ਸਿੱਖ ਧਰਮ ਦੇ ਵਿਰੁੱਧ ਇੱਕ ਗੰਭੀਰ ਅਪਰਾਧ ਮੰਨਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਰਿਕਾਰਡ ਮੁਤਾਬਕ ਮੁਲਜ਼ਮ ਦਾ ਕੋਈ ਪੱਕਾ ਟਿਕਾਣਾ (Fixed Address) ਨਹੀਂ ਹੈ।
ਕੀ ਸੀ ਪੂਰਾ ਮਾਮਲਾ?
ਘਟਨਾ ਬੀਤੀ 22 ਦਸੰਬਰ 2025 ਦੀ ਹੈ, ਜਦੋਂ ਵੈਸਟ ਬ੍ਰੋਮਵਿਚ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਰਾਰਤੀ ਅਨਸਰ ਵੱਲੋਂ ਕੱਚਾ ਮਾਸ ਸੁੱਟਿਆ ਗਿਆ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਹੁਣ ਮੁਲਜ਼ਮ ਦੇ ਫੜੇ ਜਾਣ ਨਾਲ ਸਿੱਖ ਭਾਈਚਾਰੇ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ, ਪਰ ਅਜਿਹੀਆਂ ਨਫ਼ਰਤੀ ਘਟਨਾਵਾਂ ਨੂੰ ਲੈ ਕੇ ਚਿੰਤਾ ਅਜੇ ਵੀ ਬਰਕਰਾਰ ਹੈ।
Powered by Froala Editor
Man Throwing Meat Outside UK s Gurdwara Sahib Caught By Police CCTV Reveals The Secret