January 21, 2026
Punjabi Pehchan / America
ਕੀ ਭਾਰਤ 'ਤੇ ਵੀਂ ਲੱਗੇਗਾ 500% ਟੈਕਸ? ਰੂਸੀ ਤੇਲ ਖਰੀਦਣ ਨੂੰ ਲੈ ਕੇ ਅਮਰੀਕੀ ਮੰਤਰੀ ਦਾ ਆਇਆ ਬਿਆਨ
Live Punjabi TV Bureau
ਵਾਸ਼ਿੰਗਟਨ. 21 January 2026 : ਅਮਰੀਕਾ ਅਤੇ ਭਾਰਤ ਦੇ ਰਿਸ਼ਤਿਆਂ ਅਤੇ ਵਪਾਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਸੰਕੇਤ ਦਿੱਤਾ ਹੈ ਕਿ ਭਾਰਤ ਉੱਤੇ ਰੂਸੀ ਤੇਲ ਖਰੀਦਣ ਦੇ ਮਾਮਲੇ ਵਿੱਚ 500 ਫੀਸਦੀ ਟੈਰਿਫ (Tax) ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਹੈ ਕਿ ਡੋਨਾਲਡ ਟਰੰਪ ਦੀ ਸਖਤੀ ਤੋਂ ਬਾਅਦ ਭਾਰਤ ਨੇ ਆਪਣਾ ਰੁਖ ਬਦਲ ਲਿਆ ਹੈ, ਜਦਕਿ ਹੁਣ ਅਮਰੀਕਾ ਦੀ ਨਜ਼ਰ ਚੀਨ ਵਰਗੇ ਦੇਸ਼ਾਂ 'ਤੇ ਹੈ।
ਟਰੰਪ ਦੇ ਐਕਸ਼ਨ ਤੋਂ ਬਾਅਦ ਭਾਰਤ ਨੇ ਰੋਕੀ ਖਰੀਦ
ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਵਿੱਤ ਮੰਤਰੀ ਬੇਸੈਂਟ ਨੇ ਕਿਹਾ ਕਿ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਸ਼ੁਰੂ ਕੀਤਾ ਸੀ। ਪਰ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ 25 ਫੀਸਦੀ ਟੈਰਿਫ ਲਗਾਉਣ ਦਾ ਫੈਸਲਾ ਕੀਤਾ, ਤਾਂ ਭਾਰਤ ਨੇ ਸਮਝਦਾਰੀ ਦਿਖਾਉਂਦੇ ਹੋਏ ਰੂਸੀ ਤੇਲ ਦੀ ਖਰੀਦ ਘਟਾ ਦਿੱਤੀ ਅਤੇ ਹੁਣ ਬੰਦ ਕਰ ਦਿੱਤੀ ਹੈ। ਇਸੇ ਕਰਕੇ ਭਾਰਤ ਭਾਰੀ ਜੁਰਮਾਨੇ ਤੋਂ ਬਚ ਸਕਦਾ ਹੈ।
ਕੀ ਹੈ 500 ਫੀਸਦੀ ਟੈਰਿਫ ਵਾਲਾ ਕਾਨੂੰਨ?
ਦਰਅਸਲ, ਅਮਰੀਕੀ ਸੰਸਦ (ਸੀਨੇਟ) ਵਿੱਚ ਸੀਨੇਟਰ ਲਿੰਡਸੇ ਗ੍ਰਾਹਮ ਵੱਲੋਂ ਇੱਕ ਬਿੱਲ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਮੁਤਾਬਕ ਜੋ ਵੀ ਦੇਸ਼ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖੇਗਾ, ਉਸ 'ਤੇ ਅਮਰੀਕਾ 500 ਫੀਸਦੀ ਤੱਕ ਟੈਕਸ ਲਗਾ ਸਕਦਾ ਹੈ। ਹਾਲਾਂਕਿ ਰਾਸ਼ਟਰਪਤੀ ਟਰੰਪ ਕੋਲ ਪਹਿਲਾਂ ਹੀ ਕਾਰਵਾਈ ਕਰਨ ਦੇ ਅਧਿਕਾਰ ਹਨ, ਪਰ ਇਹ ਕਾਨੂੰਨ ਉਨ੍ਹਾਂ ਨੂੰ ਚੀਨ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ 'ਤੇ ਦਬਾਅ ਬਣਾਉਣ ਦੀ ਹੋਰ ਤਾਕਤ ਦੇਵੇਗਾ।
ਚੀਨ ਅਤੇ ਯੂਰਪ 'ਤੇ ਸਾਧਿਆ ਨਿਸ਼ਾਨਾ
ਬੇਸੈਂਟ ਨੇ ਸਾਫ਼ ਕੀਤਾ ਕਿ ਅਮਰੀਕਾ ਦਾ ਮੁੱਖ ਨਿਸ਼ਾਨਾ ਚੀਨ ਹੈ। ਉਨ੍ਹਾਂ ਕਿਹਾ ਕਿ ਪਾਬੰਦੀਆਂ ਦੇ ਬਾਵਜੂਦ ਚੀਨ ਰੂਸ ਦਾ ਸਭ ਤੋਂ ਵੱਡਾ ਊਰਜਾ ਖਰੀਦਦਾਰ ਬਣਿਆ ਹੋਇਆ ਹੈ। ਅਮਰੀਕਾ ਦਾ ਮੰਨਣਾ ਹੈ ਕਿ ਸਸਤੇ ਰੂਸੀ ਤੇਲ ਦੀ ਖਰੀਦ ਕਰਕੇ ਚੀਨ ਅਸਿੱਧੇ ਤੌਰ 'ਤੇ ਯੂਕਰੇਨ ਜੰਗ ਵਿੱਚ ਰੂਸ ਦੀ ਮਦਦ ਕਰ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਯੂਰਪੀ ਦੇਸ਼ਾਂ ਨੂੰ ਵੀ ਝਾੜ ਪਾਈ ਕਿ ਉਹ ਚਾਰ ਸਾਲ ਬਾਅਦ ਵੀ ਰੂਸੀ ਤੇਲ ਖਰੀਦ ਕੇ ਆਪਣੇ ਹੀ ਖਿਲਾਫ਼ ਜੰਗ ਨੂੰ ਫੰਡ ਦੇ ਰਹੇ ਹਨ।
Powered by Froala Editor
Will India Also Face 500 Tax US Minister s Statement On Buying Russian Oil