ਮਾਈਕ੍ਰੋਸਾਫਟ ਦੀਆਂ ਸੇਵਾਵਾਂ ਹੌਲੀ-ਹੌਲੀ ਹੋ ਰਹੀਆਂ ਬਹਾਲ
November 14, 2026 / international
Punjabi Pehchan /
Auckland: ਨਿਊਜ਼ੀਲੈਂਡ
ਪਰ ਨਿਊਜ਼ੀਲੈਂਡ ਵਿੱਚ ਵੀਜ਼ਾ ਪ੍ਰੋਸੈਸਿੰਗ ਅਜੇ ਵੀ ਪ੍ਰਭਾਵਿਤ
ਕੰਪਨੀ ਮੁਤਾਬਕ ਸਮੱਸਿਆ ਦੀ ਮੁੱਖ ਵਜ੍ਹਾ ਨੂੰ ਠੀਕ ਕਰ ਦਿੱਤਾ ਗਿਆ ਹੈ
ਆਕਲੈਂਡ: ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਆਈ ਵੱਡੀ ਵਿਸ਼ਵਵਿਆਪੀ ਤਕਨੀਕੀ ਖ਼ਰਾਬੀ ਤੋਂ ਬਾਅਦ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਹਾਲਾਤ ਅਬ ਹੌਲੀ-ਹੌਲੀ ਆਮ ਹੋ ਰਹੇ ਹਨ। ਆਊਟਲੁੱਕ, ਮਾਈਕ੍ਰੋਸਾਫਟ 365 ਅਤੇ ਹੋਰ ਡਿਜੀਟਲ ਸੇਵਾਵਾਂ ਵਿੱਚ ਆਈ ਰੁਕਾਵਟ ਕਾਰਨ ਦੁਨੀਆ ਦੇ ਕਈ ਦੇਸ਼ਾਂ ਵਿੱਚ ਕਾਰੋਬਾਰਾਂ ਅਤੇ ਸਰਕਾਰੀ ਕੰਮਕਾਜ ਉੱਤੇ ਅਸਰ ਪਿਆ ਹੈ। ਨਿਊਜ਼ੀਲੈਂਡ ਵੀ ਇਸ ਸਮੱਸਿਆ ਤੋਂ ਪ੍ਰਭਾਵਿਤ ਹੋਇਆ ਹੈ।
ਮਾਈਕ੍ਰੋਸਾਫਟ ਨੇ ਇਸ ਰੁਕਾਵਟ ਲਈ ਮੁਆਫ਼ੀ ਮੰਗਦਿਆਂ ਕਿਹਾ ਹੈ ਕਿ ਇਹ ਸਮੱਸਿਆ ਤਕਨੀਕੀ ਖ਼ਰਾਬੀ ਕਾਰਨ ਪੈਦਾ ਹੋਈ ਸੀ। ਇਸ ਦਾ ਕਿਸੇ ਸਾਈਬਰ ਹਮਲੇ ਜਾਂ ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏਆਈ) ਨਾਲ ਕੋਈ ਸਬੰਧ ਨਹੀਂ ਸੀ। ਕੰਪਨੀ ਮੁਤਾਬਕ ਉਸ ਦੀਆਂ ਸੇਵਾਵਾਂ ਵਿੱਚ ਵੱਡੇ ਪੱਧਰ 'ਤੇ ਸੁਧਾਰ ਹੋਇਆ ਹੈ, ਪਰ ਕੁਝ ਗਾਹਕਾਂ ਅਤੇ ਖੇਤਰਾਂ ਵਿੱਚ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਕਰਨ ਲਈ ਕੰਮ ਜਾਰੀ ਹੈ।
ਡਾਊਨਡਿਟੈਕਟਰ ਦੇ ਅੰਕੜਿਆਂ ਅਨੁਸਾਰ ਇਸ ਆਊਟੇਜ ਦਾ ਅਸਰ ਦੁਨੀਆ ਦੇ 74 ਦੇਸ਼ਾਂ ਅਤੇ ਖੇਤਰਾਂ ਵਿੱਚ ਦੇਖਣ ਨੂੰ ਮਿਲਿਆ। ਅਮਰੀਕਾ, ਯੂਰਪ, ਏਸ਼ੀਆ ਅਤੇ ਅਫ਼ਰੀਕਾ ਵਿੱਚ ਲੋਕਾਂ ਨੇ ਸੇਵਾਵਾਂ ਵਿੱਚ ਰੁਕਾਵਟ ਦੀਆਂ ਸ਼ਿਕਾਇਤਾਂ ਕੀਤੀਆਂ। ਆਊਟਲੁੱਕ, ਮਾਈਕ੍ਰੋਸਾਫਟ ਟੀਮਜ਼ ਅਤੇ ਮਾਈਕ੍ਰੋਸਾਫਟ 365 ਦੇ ਹੋਰ ਪ੍ਰੋਗਰਾਮ ਪ੍ਰਭਾਵਿਤ ਹੋਏ, ਜਿਸ ਕਾਰਨ ਕਈ ਕਾਰੋਬਾਰਾਂ ਅਤੇ ਸਰਕਾਰੀ ਸੰਸਥਾਵਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ।
ਨਿਊਜ਼ੀਲੈਂਡ ਵਿੱਚ ਇਸ ਤਕਨੀਕੀ ਸਮੱਸਿਆ ਦਾ ਸਭ ਤੋਂ ਅਹਿਮ ਅਸਰ ਇਮੀਗ੍ਰੇਸ਼ਨ ਸੇਵਾਵਾਂ 'ਤੇ ਪਿਆ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਆਈ ਰੁਕਾਵਟ ਕਾਰਨ ਅਗਲੇ ਨੋਟਿਸ ਤੱਕ ਸਾਰੀਆਂ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਰੋਕ ਦਿੱਤੀ ਸੀ। ਇਸ ਤੋਂ ਇਲਾਵਾ ਗਾਹਕਾਂ ਨੂੰ ਨਵੇਂ ਇਮੀਗ੍ਰੇਸ਼ਨ ਆਨਲਾਈਨ ਪਲੇਟਫਾਰਮ ਰਾਹੀਂ ਅਰਜ਼ੀਆਂ ਦੇਣ ਵਿੱਚ ਵੀ ਮੁਸ਼ਕਲ ਆਈ। ਹਾਲਾਂਕਿ ਐਨਜ਼ੈਡਈਟੀਏ ਲਈ ਅਰਜ਼ੀਆਂ ਦੀ ਸੇਵਾ ਆਮ ਵਾਂਗ ਚੱਲਦੀ ਰਹੀ।
ਇਸ ਰੁਕਾਵਟ ਦਾ ਅਸਰ ਨਿਊਜ਼ੀਲੈਂਡ ਵਿੱਚ ਜਾਇਦਾਦਾਂ ਦੀ ਖਰੀਦੋ-ਫਰੋਖ਼ਤ ਨਾਲ ਜੁੜੇ ਸੈਟਲਮੈਂਟ ਅਤੇ ਅਦਾਲਤੀ ਕੰਮਕਾਜ ਉੱਤੇ ਵੀ ਪਿਆ। ਹੋਰ ਦੇਸ਼ਾਂ ਵਿੱਚ ਸਿਹਤ ਸੇਵਾਵਾਂ, ਹਵਾਈ ਯਾਤਰਾ ਅਤੇ ਵੱਡੀਆਂ ਕੰਪਨੀਆਂ ਦਾ ਕੰਮ ਵੀ ਪ੍ਰਭਾਵਿਤ ਹੋਇਆ।
ਬਰਤਾਨੀਆ ਵਿੱਚ ਸਿਹਤ ਕਰਮਚਾਰੀਆਂ ਨੇ ਮਰੀਜ਼ਾਂ ਨੂੰ ਰੈਫ਼ਰ ਕਰਨ ਦੀ ਆਮ ਪ੍ਰਕਿਰਿਆ ਵਿੱਚ ਮੁਸ਼ਕਲਾਂ ਆਉਣ ਦੀ ਜਾਣਕਾਰੀ ਦਿੱਤੀ। ਭਾਰਤ ਵਿੱਚ ਇੰਡੀਗੋ ਅਤੇ ਅਕਾਸਾ ਏਅਰ ਸਮੇਤ ਕਈ ਏਅਰਲਾਈਨਾਂ ਨੇ ਗਾਹਕਾਂ ਨੂੰ ਚਿਤਾਵਨੀ ਦਿੱਤੀ ਕਿ ਤਕਨੀਕੀ ਖ਼ਰਾਬੀ ਕਾਰਨ ਉਨ੍ਹਾਂ ਦੀਆਂ ਈਮੇਲਾਂ ਸਹਾਇਤਾ ਟੀਮਾਂ ਤੱਕ ਨਹੀਂ ਪਹੁੰਚ ਸਕਦੀਆਂ।
ਮਾਈਕ੍ਰੋਸਾਫਟ ਨੇ ਪਹਿਲਾਂ ਦੱਸਿਆ ਸੀ ਕਿ ਉਸ ਦੇ ਕੁਝ ਤਕਨੀਕੀ ਸਿਸਟਮਾਂ 'ਤੇ ਆਮ ਨਾਲੋਂ ਵੱਧ ਲੋਡ ਪੈ ਰਿਹਾ ਸੀ। ਬਾਅਦ ਵਿੱਚ ਕੰਪਨੀ ਨੇ ਸਪੱਸ਼ਟ ਕੀਤਾ ਕਿ ਇਹ ਸਮੱਸਿਆ ਪਹਿਲਾਂ ਕੀਤੇ ਗਏ ਨੈੱਟਵਰਕ ਸਮਰੱਥਾ ਅਪਗ੍ਰੇਡ ਦੌਰਾਨ ਸ਼ੁਰੂ ਹੋਈ ਸੀ ਅਤੇ ਨੈੱਟਵਰਕ ਵਿੱਚ ਕੀਤੀ ਗਈ ਇੱਕ ਹੋਰ ਤਬਦੀਲੀ ਤੋਂ ਬਾਅਦ ਸਾਹਮਣੇ ਆਈ।
ਕੰਪਨੀ ਮੁਤਾਬਕ ਸਮੱਸਿਆ ਦੀ ਮੁੱਖ ਵਜ੍ਹਾ ਨੂੰ ਠੀਕ ਕਰ ਦਿੱਤਾ ਗਿਆ ਹੈ ਅਤੇ ਪ੍ਰਭਾਵਿਤ ਸੇਵਾਵਾਂ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਦਾ ਕੰਮ ਜਾਰੀ ਹੈ। ਹਾਲਾਂਕਿ ਨਿਊਜ਼ੀਲੈਂਡ ਵਿੱਚ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਮੁੜ ਕਦੋਂ ਸ਼ੁਰੂ ਹੋਵੇਗੀ, ਇਸ ਬਾਰੇ ਸਪੱਸ਼ਟ ਜਾਣਕਾਰੀ ਦੀ ਉਡੀਕ ਹੈ।
Microsoft Services Are Gradually Being Restored