ਵੱਡੀ ਖ਼ਬਰ: ਠੰਢ ਦੇ ਕਹਿਰ ਨੂੰ ਦੇਖਦਿਆਂ ਸਰਕਾਰ ਦਾ ਫੈਸਲਾ; ਬੰਦ ਰਹਿਣਗੇ ਸਾਰੇ ਸਕੂਲ, ਨੋਟੀਫਿਕੇਸ਼ਨ ਜਾਰੀ
January 5, 2026 / main news
Punjabi Pehchan /
Jharkhand
ਵੱਡੀ ਖ਼ਬਰ: ਠੰਢ ਦੇ ਕਹਿਰ ਨੂੰ ਦੇਖਦਿਆਂ ਸਰਕਾਰ ਦਾ ਫੈਸਲਾ; ਬੰਦ ਰਹਿਣਗੇ ਸਾਰੇ ਸਕੂਲ, ਨੋਟੀਫਿਕੇਸ਼ਨ ਜਾਰੀ
ਰਾਂਚੀ, 5 ਜਨਵਰੀ 2026: ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਹੱਡ ਚੀਰਵੀਂ ਠੰਢ ਪੈ ਰਹੀ ਹੈ। ਸੀਤ ਲਹਿਰ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸਕੂਲੀ ਵਿਦਿਆਰਥੀਆਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਮੌਸਮ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਜਾਰੀ ਕੀਤੇ ਗਏ ਸਰਕਾਰੀ ਹੁਕਮਾਂ ਅਨੁਸਾਰ, ਝਾਰਖੰਡ 'ਚ 6 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਸੂਬੇ ਦੇ ਸਾਰੇ ਸਕੂਲ ਬੰਦ ਰਹਿਣਗੇ। ਇਹ ਹੁਕਮ ਪ੍ਰੀ-ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ 'ਤੇ ਲਾਗੂ ਹੋਣਗੇ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਸਾਰੇ ਸਰਕਾਰੀ, ਏਡਿਡ (ਸਹਾਇਤਾ ਪ੍ਰਾਪਤ) ਅਤੇ ਪ੍ਰਾਈਵੇਟ ਸਕੂਲਾਂ ਲਈ ਇੱਕੋ ਜਿਹੇ ਹਨ। ਜੇਕਰ ਕੋਈ ਨਿੱਜੀ ਸਕੂਲ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਧਿਆਪਕਾਂ ਅਤੇ ਪ੍ਰੀਖਿਆਵਾਂ ਲਈ ਵੱਖਰੇ ਨਿਰਦੇਸ਼
ਭਾਵੇਂ ਵਿਦਿਆਰਥੀਆਂ ਲਈ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ, ਪਰ ਸਕੂਲੀ ਸਟਾਫ ਨੂੰ ਰਾਹਤ ਨਹੀਂ ਮਿਲੀ ਹੈ। ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਅਤੇ ਗੈਰ-ਅਧਿਆਪਨ (Non-teaching) ਅਮਲੇ ਨੂੰ ਸਕੂਲ ਆਉਣਾ ਪਵੇਗਾ ਅਤੇ ਉਹ ਉੱਥੇ ਰਹਿ ਕੇ ਗੈਰ-ਵਿੱਦਿਅਕ ਕੰਮ ਨਿਪਟਾਉਣਗੇ। ਇਸ ਤੋਂ ਇਲਾਵਾ, ਵਿਭਾਗ ਨੇ ਕਿਹਾ ਹੈ ਕਿ ਜੇਕਰ ਇਨ੍ਹਾਂ ਦਿਨਾਂ ਦੌਰਾਨ ਕਿਸੇ ਸਕੂਲ ਵਿੱਚ ਪ੍ਰੀ-ਬੋਰਡ ਪ੍ਰੀਖਿਆਵਾਂ ਤੈਅ ਹਨ, ਤਾਂ ਸਬੰਧਤ ਅਧਿਕਾਰੀ ਆਪਣੇ ਪੱਧਰ 'ਤੇ ਪ੍ਰੀਖਿਆ ਕਰਵਾਉਣ ਦਾ ਫੈਸਲਾ ਲੈ ਸਕਦੇ ਹਨ।
ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ
ਮੌਸਮ ਵਿਗਿਆਨ ਕੇਂਦਰ ਨੇ ਸੂਬੇ ਵਿੱਚ ਅਗਲੇ ਕੁਝ ਦਿਨਾਂ ਲਈ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 3 ਤੋਂ 4 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ 3 ਤੋਂ 4 ਡਿਗਰੀ ਦੀ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਪਿਛਲੇ ਦਿਨੀਂ ਵੀ ਸਾਰਾ ਦਿਨ ਧੁੱਪ-ਛਾਂ ਦੀ ਖੇਡ ਚੱਲਦੀ ਰਹੀ ਅਤੇ ਸਵੇਰੇ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ।
Powered by
Big news government s decision in view of the cold all schools will remain closed notification issued