ਅਮਰੀਕਾ ਦੀ ਸਭ ਤੋਂ ਗੁਪਤ ਸੁਰੱਖਿਆ ਸੰਚਾਰ ਪ੍ਰਣਾਲੀ ਠੱਪ
November 18, 2026 / national
Punjabi Pehchan /
Washington
ਸਾਈਬਰ ਹਮਲੇ ਦਾ ਅਜੇ ਕੋਈ ਸਬੂਤ ਨਹੀਂ
ਖ਼ਰਾਬੀ ਦੇ ਕਾਰਨਾਂ ਅਤੇ ਇਸ ਦੇ ਪ੍ਰਭਾਵਾਂ ਦੀ ਜਾਂਚ ਕਰ ਰਹੇ ਹਨ।
ਵਾਸ਼ਿੰਗਟਨ: ਅਮਰੀਕਾ ਦੀ ਕੌਮੀ ਸੁਰੱਖਿਆ ਏਜੰਸੀ (ਐੱਨਐੱਸਏ) ਦਾ ਬੇਹੱਦ ਗੁਪਤ ਅੰਦਰੂਨੀ ਸੰਚਾਰ ਨੈੱਟਵਰਕ 'ਐੱਨਐੱਸਏ ਨੈੱਟ' ਅਚਾਨਕ ਬੰਦ ਹੋ ਗਿਆ ਹੈ। ਸੀਐੱਨਐੱਨ ਦੀ ਰਿਪੋਰਟ ਮੁਤਾਬਕ ਇਸ ਪ੍ਰਣਾਲੀ ਰਾਹੀਂ ਏਜੰਸੀ ਦੇ ਅਧਿਕਾਰੀ ਗੁਪਤ ਸੁਰੱਖਿਆ ਜਾਣਕਾਰੀ ਦਾ ਲੈਣ-ਦੇਣ ਕਰਦੇ ਹਨ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਛੇ ਵਿਅਕਤੀਆਂ ਅਨੁਸਾਰ ਏਜੰਸੀ ਦੇ ਅਧਿਕਾਰੀ ਇਸ ਤਕਨੀਕੀ ਖ਼ਰਾਬੀ ਦੇ ਕਾਰਨਾਂ ਅਤੇ ਇਸ ਦੇ ਪ੍ਰਭਾਵਾਂ ਦੀ ਜਾਂਚ ਕਰ ਰਹੇ ਹਨ।
ਇਸ ਦੌਰਾਨ ਕਰਮਚਾਰੀਆਂ ਦੇ ਦਫ਼ਤਰ ਪਹੁੰਚਣ ਦਾ ਸਮਾਂ ਵੀ ਵੱਖ-ਵੱਖ ਰੱਖਿਆ ਗਿਆ ਹੈ। ਹਾਲਾਂਕਿ, ਇਸ ਘਟਨਾ ਪਿੱਛੇ ਕਿਸੇ ਸਾਈਬਰ ਹਮਲੇ ਦਾ ਅਜੇ ਕੋਈ ਸਬੂਤ ਨਹੀਂ ਮਿਲਿਆ। ਅਮਰੀਕੀ ਅਧਿਕਾਰੀਆਂ ਮੁਤਾਬਕ ਇਸ ਖ਼ਰਾਬੀ ਨਾਲ ਰਾਸ਼ਟਰਪਤੀ ਡੌਨਲਡ ਟਰੰਪ ਤੱਕ ਜ਼ਰੂਰੀ ਖੁਫ਼ੀਆ ਜਾਣਕਾਰੀ ਪਹੁੰਚਾਉਣ ਦੀ ਪ੍ਰਕਿਰਿਆ ਪ੍ਰਭਾਵਿਤ ਨਹੀਂ ਹੋਵੇਗੀ, ਕਿਉਂਕਿ ਸਰਕਾਰ ਕੋਲ ਸੁਰੱਖਿਅਤ ਸੰਚਾਰ ਲਈ ਹੋਰ ਬਦਲਵੇਂ ਪ੍ਰਬੰਧ ਵੀ ਮੌਜੂਦ ਹਨ।
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਹਾਲ ਹੀ ਵਿੱਚ ਅਮਰੀਕਾ ਵਿੱਚ ਹਵਾਈ ਉਡਾਣਾਂ ਦੀ ਪ੍ਰਣਾਲੀ ਅਤੇ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਵੀ ਵੱਡੀਆਂ ਤਕਨੀਕੀ ਖ਼ਰਾਬੀਆਂ ਸਾਹਮਣੇ ਆਈਆਂ ਸਨ। ਇਨ੍ਹਾਂ ਘਟਨਾਵਾਂ ਨੇ ਦੇਸ਼ ਦੀਆਂ ਅਹਿਮ ਸੰਚਾਰ ਅਤੇ ਤਕਨੀਕੀ ਪ੍ਰਣਾਲੀਆਂ ਦੀ ਭਰੋਸੇਯੋਗਤਾ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ।
America s Most Secret Security Communications System Down