ਗ੍ਰੈਨਾਈਟ ਬੇਅ ’ਚ ਬਣਨ ਵਾਲੇ ਗੁਰਦੁਆਰਾ ਸਾਹਿਬ ਦੇ ਬੋਰਡ ਨਾਲ ਚਾਰ ਵਾਰ ਤੋੜਫੋੜ, ਸ਼ੈਰਿਫ਼ ਨੇ ਮੰਗੀ ਲੋਕਾਂ ਦੀ ਮਦਦ
November 18, 2026 / crime
Punjabi Pehchan /
Granite Bay,CA
ਗ੍ਰੈਨਾਈਟ ਬੇਅ, ਕੈਲੀਫੋਰਨੀਆ, 17 ਨਵੰਬਰ (ਪੰਜਾਬੀ ਪਹਿਚਾਣ ਬਿਊਰੋ) — ਪਲੇਸਰ ਕਾਊਂਟੀ ਸ਼ੈਰਿਫ਼ ਦਫ਼ਤਰ ਨੇ ਗ੍ਰੈਨਾਈਟ ਬੇਅ ਵਿੱਚ ਬਣਨ ਵਾਲੇ ਗੁਰਦੁਆਰਾ ਸਾਹਿਬ ਦੇ ਬੋਰਡ ਨਾਲ ਵਾਰ-ਵਾਰ ਕੀਤੀ ਗਈ ਤੋੜਫੋੜ ਦੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਲਈ ਲੋਕਾਂ ਤੋਂ ਮਦਦ ਮੰਗੀ ਹੈ। ਇਹ ਬੋਰਡ ਸੀਏਰਾ ਕਾਲਜ ਬੁਲੇਵਾਰਡ ’ਤੇ ਪੋਲੋ ਰੈਂਚ ਪਲੇਸ ਨੇੜੇ ਲੱਗਾ ਹੈ। ਜੂਨ ਤੋਂ ਹੁਣ ਤੱਕ ਇਸ ਨੂੰ ਚਾਰ ਵਾਰ ਨਿਸ਼ਾਨਾ ਬਣਾਇਆ ਗਿਆ ਹੈ।
ਰਿਪੋਰਟਾਂ ਮੁਤਾਬਕ, ਜੂਨ ਦੇ ਅੱਧ ਵਿੱਚ ਬੋਰਡ ’ਤੇ ਅੰਗਰੇਜ਼ੀ ਵਿੱਚ “GET OUT” ਲਿਖਿਆ ਗਿਆ। 16 ਸਤੰਬਰ ਨੂੰ ਇਸ ’ਤੇ ‘X’ ਦਾ ਨਿਸ਼ਾਨ ਲਾਇਆ ਗਿਆ ਅਤੇ 27 ਸਤੰਬਰ ਨੂੰ ਬੋਰਡ ਕੱਟ ਕੇ ਡੇਗ ਦਿੱਤਾ ਗਿਆ। 22 ਅਕਤੂਬਰ ਨੂੰ ਬੋਰਡ ਮੁੜ ਲਾਇਆ ਗਿਆ, ਪਰ 8 ਨਵੰਬਰ ਨੂੰ ਇਸ ਨੂੰ ਫਿਰ ਕੱਟ ਕੇ ਡੇਗ ਦਿੱਤਾ ਗਿਆ।
ਸ਼ੈਰਿਫ਼ ਦਫ਼ਤਰ ਵੱਲੋਂ ਜਾਰੀ ਨਿਗਰਾਨੀ ਕੈਮਰੇ ਦੀ ਵੀਡੀਓ ਵਿੱਚ ਇੱਕ ਵਿਅਕਤੀ ਸਕੂਟਰ ’ਤੇ ਉੱਥੋਂ ਜਾਂਦਾ ਦਿਖਾਈ ਦਿੰਦਾ ਹੈ। ਜਾਂਚਕਰਤਾ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼ੈਰਿਫ਼ ਦਫ਼ਤਰ ਨੇ ਤੋੜਫੋੜ ਪਿੱਛੇ ਕਿਸੇ ਮਕਸਦ ਦੀ ਪੁਸ਼ਟੀ ਨਹੀਂ ਕੀਤੀ ਹੈ।
ਜ਼ਮੀਨ ਦੀ ਮਾਲਕ ਗੁਰੂ ਮਾਨਿਓ ਗ੍ਰੰਥ ਚੈਰੀਟੇਬਲ ਟਰੱਸਟ ਦੇ ਬੋਰਡ ਮੈਂਬਰ ਬੀ. ਜੇ. ਸਿੰਘ ਨੇ ਕਿਹਾ ਕਿ ਔਰੇਂਜਵੇਲ ਵਿੱਚ ਚੱਲ ਰਹੇ ਗੁਰਦੁਆਰਾ ਸਾਹਿਬ ਦੀ ਥਾਂ ਆਉਣ ਵਾਲੇ ਸਮੇਂ ਵਿੱਚ ਸੰਗਤ ਦੀਆਂ ਲੋੜਾਂ ਲਈ ਘੱਟ ਪੈ ਸਕਦੀ ਹੈ। ਇਸ ਲਈ ਟਰੱਸਟ ਗ੍ਰੈਨਾਈਟ ਬੇਅ ਵਿੱਚ ਵੱਡਾ ਗੁਰਦੁਆਰਾ ਸਾਹਿਬ ਬਣਾਉਣਾ ਚਾਹੁੰਦੀ ਹੈ, ਜਿੱਥੇ ਹਰ ਧਰਮ ਅਤੇ ਪਿਛੋਕੜ ਦੇ ਲੋਕਾਂ ਦਾ ਸਵਾਗਤ ਹੋਵੇਗਾ। ਸਿੰਘ ਨੇ ਕਿਹਾ ਕਿ ਵਾਰ-ਵਾਰ ਵਾਪਰੀਆਂ ਘਟਨਾਵਾਂ ਕਾਰਨ ਸਥਾਨਕ ਸਿੱਖ ਭਾਈਚਾਰੇ ਵਿੱਚ ਚਿੰਤਾ ਹੈ। ਉਨ੍ਹਾਂ ਕਿਹਾ ਕਿ ਜੇ ਉਸ ਵਿਅਕਤੀ ਦੀ ਪਛਾਣ ਹੋ ਜਾਂਦੀ ਹੈ ਤਾਂ ਉਹ ਉਸ ਨਾਲ ਗੱਲ ਕਰਕੇ ਸਮਝਣਾ ਚਾਹੁਣਗੇ ਕਿ ਉਸ ਨੇ ਅਜਿਹਾ ਕਿਉਂ ਕੀਤਾ।
ਸ਼ੈਰਿਫ਼ ਦਫ਼ਤਰ ਨੇ ਸ਼ੱਕੀ ਵਿਅਕਤੀ ਦੀਆਂ ਤਸਵੀਰਾਂ ਅਤੇ ਵੀਡੀਓ ਜਾਰੀ ਕੀਤੀਆਂ ਹਨ। ਉਸ ਨੂੰ ਪਛਾਣਨ ਵਾਲੇ ਜਾਂ ਘਟਨਾਵਾਂ ਬਾਰੇ ਜਾਣਕਾਰੀ ਰੱਖਣ ਵਾਲੇ ਲੋਕ 530-889-7830 ’ਤੇ ਜਾਂਚ ਟੀਮ ਨਾਲ ਸੰਪਰਕ ਕਰ ਸਕਦੇ ਹਨ।
Granite Bay Sikh Temple Sign Placer County Sheriff California Gurdwara Vandalism Guru Maneyo Granth Charitable Trust Granite Bay Sikh Community