ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਸਾਹਿਤਕ ਮਿਲਣੀ; ਪੰਜਾਬੀ ਸਾਹਿਤ ਅਤੇ ਇਤਿਹਾਸਕ ਨਾਵਲਾਂ ਬਾਰੇ ਵਿਚਾਰਾਂ
October 23, 2026 / seattle,wa
Punjabi Pehchan /
Kent,WA
ਪ੍ਰੋ. ਡਾ. ਗੁਰਪਾਲ ਸਿੰਘ ਸੰਧੂ, ਨਾਵਲਕਾਰ ਹਰਜੀਤ ਅਟਵਾਲ ਅਤੇ ਆਲੋਚਕ ਬਲਜਿੰਦਰ ਸਿੰਘ ਸਵੈਚ ਨੇ ਕੀਤੀ ਸ਼ਮੂਲੀਅਤ
ਸਿਆਟਲ: ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਦੇ ਸੱਦੇ ’ਤੇ ਬੀਤੇ ਸ਼ੁੱਕਰਵਾਰ ਗੋਲਡਨ ਕਰੀ ਰੈਸਟੋਰੈਂਟ ਦੇ ਹਾਲ ਵਿੱਚ ਸਾਹਿਤਕ ਮਿਲਣੀ ਕਰਵਾਈ ਗਈ। ਇਸ ਮੌਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰੋ. ਡਾ. ਗੁਰਪਾਲ ਸਿੰਘ ਸੰਧੂ, ਇੰਗਲੈਂਡ ਤੋਂ ਨਾਵਲਕਾਰ ਅਤੇ ਅਦਾਰਾ ‘ਸ਼ਬਦ’ ਦੇ ਸੰਚਾਲਕ ਹਰਜੀਤ ਅਟਵਾਲ ਅਤੇ ਫਰੀਮੌਂਟ, ਕੈਲੀਫੋਰਨੀਆ ਤੋਂ ਆਲੋਚਕ ਬਲਜਿੰਦਰ ਸਿੰਘ ਸਵੈਚ ਨੇ ਸਭਾ ਦੇ ਮੈਂਬਰਾਂ ਅਤੇ ਸਥਾਨਕ ਸਾਹਿਤ ਪ੍ਰੇਮੀਆਂ ਨਾਲ ਵਿਚਾਰ ਸਾਂਝੇ ਕੀਤੇ।
ਮਿਲਣੀ ਦੌਰਾਨ ਸਭਾ ਦੀ ਸਾਂਝੀ ਪੁਸਤਕ ‘ਕਲਮੀ ਰਮਜ਼ਾਂ–4’, ਸਾਧੂ ਸਿੰਘ ਝੱਜ ਅਤੇ ਜੰਗਪਾਲ ਸਿੰਘ ਕੋਟਕਪੂਰਾ ਦੀਆਂ ਪੁਸਤਕਾਂ ਸਮੇਤ ਹਰਜੀਤ ਅਟਵਾਲ ਦੇ ਨਾਵਲਾਂ ਬਾਰੇ ਚਰਚਾ ਹੋਈ। ਖ਼ਾਸ ਤੌਰ ’ਤੇ ਖ਼ਾਲਸਾ ਰਾਜ ਨਾਲ ਸਬੰਧਤ ਇਤਿਹਾਸਕ ਨਾਵਲ ‘ਅਕਾਲ ਸਹਾਏ’ ਅਤੇ ਮਹਾਰਾਜਾ ਦਲੀਪ ਸਿੰਘ ਬਾਰੇ ਲਿਖੇ ਨਾਵਲ ‘ਆਪਣਾ’ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਭਾ ਵੱਲੋਂ ਦੱਸਿਆ ਗਿਆ ਕਿ ‘ਕਲਮੀ ਰਮਜ਼ਾਂ–4’ ਪਿਛਲੇ ਸਾਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਲੋਕ ਅਰਪਣ ਕੀਤੀ ਗਈ ਸੀ।
ਪ੍ਰੋ. ਡਾ. ਗੁਰਪਾਲ ਸਿੰਘ ਸੰਧੂ ਨੇ ਨਾਵਲ ‘ਆਪਣਾ’ ਦੇ ਇੰਗਲੈਂਡ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਬੁੱਤ ਸਾਹਮਣੇ ਹੋਏ ਲੋਕ ਅਰਪਣ ਸਮਾਗਮ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਬਾਰੇ ਉੱਥੋਂ ਦੇ ਸਥਾਨਕ ਲੋਕਾਂ ਨਾਲ ਹੋਈ ਗੱਲਬਾਤ ਅਤੇ ਉਸ ਇਲਾਕੇ ਨਾਲ ਮਹਾਰਾਜਾ ਦੀ ਸਾਂਝ ਸਬੰਧੀ ਦਿਲਚਸਪ ਜਾਣਕਾਰੀ ਦਿੱਤੀ।
ਨਾਵਲਕਾਰ ਹਰਜੀਤ ਅਟਵਾਲ ਨੇ ਆਪਣੀ ਸਾਹਿਤਕ ਰਚਨਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਪੁਸਤਕਾਂ ਅਤੇ ਰਸਾਲਾ ‘ਸ਼ਬਦ’ ਪਾਠਕਾਂ ਲਈ ਉਨ੍ਹਾਂ ਦੀ ਵੈੱਬਸਾਈਟ HARJEETATWAL.COM ਉੱਤੇ ਉਪਲਬਧ ਹਨ। ਖੁਸ਼ਗਵਾਰ ਮਾਹੌਲ ਵਿੱਚ ਹੋਈ ਇਸ ਮਿਲਣੀ ਦੌਰਾਨ ਹਾਜ਼ਰੀਨ ਨੇ ਮਹਿਮਾਨ ਲੇਖਕਾਂ ਨਾਲ ਸਾਹਿਤਕ ਵਿਚਾਰਾਂ ਦੀ ਸਾਂਝ ਪਾਈ।
ਸਮਾਗਮ ਵਿੱਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਟਿਵਾਣਾ, ਸਲਾਹਕਾਰ ਜੰਗਪਾਲ ਸਿੰਘ ਕੋਟਕਪੂਰਾ, ਉਪ ਪ੍ਰਧਾਨ ਹਰਕੀਰਤ ਕੌਰ ਖਟੜਾ, ਸਕੱਤਰ ਜਗੀਰ ਸਿੰਘ, ਗੁਰਮੁਖ ਸਿੰਘ ਮਲਸੀਆਂ ਅਤੇ ਸਾਧੂ ਸਿੰਘ ਝੱਜ ਨੇ ਹਿੱਸਾ ਲਿਆ। ਕਾਰੋਬਾਰੀ ਅਤੇ ਸਮਾਜ ਸੇਵਕ ਗੁਰਦੀਪ ਸਿੰਘ ਸਿੱਧੂ, ਮਨਮੋਹਨ ਸਿੰਘ ਧਾਲੀਵਾਲ ਅਤੇ ਮੈਰੀਸਵਿਲ ਤੋਂ ਸੁਖਚੈਨ ਸਿੰਘ ਸੰਧੂ ਵੀ ਹਾਜ਼ਰ ਸਨ।
ਹਾਜ਼ਰੀਨ ਵਿੱਚ ਹਰਨੇਕ ਸਿੰਘ ਬਾਸੀ, ਵਰਿੰਦਰ ਕੌਰ ਬਾਸੀ, ਪ੍ਰਿਤਪਾਲ ਸਿੰਘ ਗਿੱਲ (ਸੋਢੀ), ਗੁਰਅਸੀਸ ਕੌਰ ਗਿੱਲ, ਹੇਮਪ੍ਰੀਤ ਕੌਰ ਗਿੱਲ, ਪਰਮਿੰਦਰ ਸਿੰਘ ਟਿਵਾਣਾ, ਐਡਵੋਕੇਟ ਸੁਖਦਰਸ਼ਨ ਸਿੰਘ ਖੱਟੜਾ, ਅਰਜ ਸਿੰਘ, ਸੇਵਾਮੁਕਤ ਪ੍ਰਿੰਸੀਪਲ ਹਰਮੀਤ ਕੌਰ ਮਲਸੀਆਂ, ਬਿੰਦਰਪਾਲ ਕੌਰ ਸਾਰਨ, ਗੁਰਮੀਤ ਕੌਰ ਜੰਮੂ, ਦਮਨਦੀਪ ਕੌਰ, ਪਰਮਜੀਤ ਕੌਰ ਟਿਵਾਣਾ, ਬਿਸਮਨ ਕੌਰ ਟਿਵਾਣਾ, ਇਕਬਾਲ ਸਿੰਘ ਮਹਿਰੋਕ ਅਤੇ ਸਭਾ ਦੇ ਸਾਬਕਾ ਪ੍ਰਧਾਨ ਬਲਿਹਾਰ ਸਿੰਘ ਲ੍ਹੇਲ ਸਮੇਤ ਹੋਰ ਸਾਹਿਤ ਪ੍ਰੇਮੀ ਸ਼ਾਮਲ ਸਨ।
ਇਸ ਮੌਕੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਅਤੇ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਭੇਟ ਕੀਤੀਆਂ ਪੁਸਤਕਾਂ ਵਿੱਚ ਸਭਾ ਦੀ ‘ਕਲਮੀ ਰਮਜ਼ਾਂ–4’ ਅਤੇ ਜੰਗਪਾਲ ਸਿੰਘ ਕੋਟਕਪੂਰਾ ਦੀਆਂ ਲਿਖੀਆਂ ‘ਪੰਜਾਬ ਦਾ ਸਿਆਸੀ ਵਿਸ਼ਵਕੋਸ਼’ ਅਤੇ ‘ਭਾਰਤ ਬ੍ਰਿਟਿਸ਼ ਬਸਤੀਵਾਦ ਤੋਂ ਬਟਵਾਰੇ ਤੱਕ’ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।
ਮਹਿਮਾਨਾਂ ਅਤੇ ਹਾਜ਼ਰੀਨ ਲਈ ਚਾਹ-ਪਾਣੀ ਦੀ ਸੇਵਾ ਗੋਲਡਨ ਕਰੀ ਰੈਸਟੋਰੈਂਟ ਵੱਲੋਂ ਕੀਤੀ ਗਈ, ਜਦਕਿ ਹਾਲ ਦੀ ਫੁੱਲਾਂ ਨਾਲ ਸਜਾਵਟ ਦੀ ਸੇਵਾ ਇਲੀਟ ਈਵੈਂਟ ਵੱਲੋਂ ਨਿਭਾਈ ਗਈ।
Punjabi Likhari Sabha Seattle Seattle Punjabi Literary Event Harjeet Atwal Dr Gurpal Singh Sandhu Baljinder Singh Swaich Kalmi Ramzan 4 Punjabi Literature Punjabi Pehchan