ਚੰਦੀ ਪਰਿਵਾਰ ਵੱਲੋਂ ਹਸਪਤਾਲ ਨੂੰ 10 ਮਿਲੀਅਨ ਡਾਲਰ ਦਾ ਦਾਨ, ਐਮਰਜੈਂਸੀ ਵਿਭਾਗ ਨੂੰ ਦਿੱਤਾ Chandi ਦਾ ਨਾਂ
November 8, 2026 / california
Gurpreet Singh Dhanju /
Palm Springs, CA
ਰੈਂਚੋ ਮਿਰਾਜ, ਕੈਲੀਫੋਰਨੀਆ (ਪੰਜਾਬੀ ਪਹਿਚਾਣ) — ਆਇਜ਼ਨਹਾਵਰ ਹੈਲਥ ਨੇ ਸਥਾਨਕ ਕਾਰੋਬਾਰੀ ਨਛੱਤਰ ਚੰਦੀ, ਉਨ੍ਹਾਂ ਦੀ ਪਤਨੀ ਸੁਸਾਨਾ ਚੰਦੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੇ ਦਾਨ ਦੇ ਸਨਮਾਨ ਵਿੱਚ ਆਪਣੇ ਐਮਰਜੈਂਸੀ ਵਿਭਾਗ ਦਾ ਨਾਂ ‘ਚੰਦੀ ਐਮਰਜੈਂਸੀ ਡਿਪਾਰਟਮੈਂਟ’ ਰੱਖਿਆ ਹੈ। ਨਵੇਂ ਨਾਂ ਦੀ ਤਖ਼ਤੀ ਤੋਂ ਪਰਦਾ 6 ਨਵੰਬਰ ਨੂੰ ਰੈਂਚੋ ਮਿਰਾਜ ਸਥਿਤ ਹਸਪਤਾਲ ਦੇ ਮੁੱਖ ਕੈਂਪਸ ਵਿੱਚ ਚੁੱਕਿਆ ਗਿਆ।
ਸਮਾਗਮ ਵਿੱਚ 200 ਤੋਂ ਵੱਧ ਮਹਿਮਾਨ ਸ਼ਾਮਲ ਹੋਏ। ਇਨ੍ਹਾਂ ਵਿੱਚ ਚੰਦੀ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਹਸਪਤਾਲ ਦੇ ਪ੍ਰਬੰਧਕ, ਬੋਰਡ ਮੈਂਬਰ, ਦਾਨੀ ਅਤੇ ਸਥਾਨਕ ਚੁਣੇ ਹੋਏ ਨੁਮਾਇੰਦੇ ਵੀ ਸਨ। ਸਮਾਗਮ ਦੌਰਾਨ ਪ੍ਰਬੰਧਕਾਂ ਨੇ ਕੋਚੈਲਾ ਵੈਲੀ ਦੀਆਂ ਸਿਹਤ ਸੇਵਾਵਾਂ ਲਈ ਚੰਦੀ ਪਰਿਵਾਰ ਦੇ ਯੋਗਦਾਨ ਨੂੰ ਸਲਾਹਿਆ।
ਨਛੱਤਰ ਚੰਦੀ ਦੀ ਧੀ ਐਂਜਲੀ ਚੰਦੀ ਨੇ ਸਥਾਨਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਿਭਾਗ ਦੀ ਇਮਾਰਤ ’ਤੇ ਪਰਿਵਾਰ ਦਾ ਨਾਂ ਦੇਖਣਾ ਉਨ੍ਹਾਂ ਲਈ ਮਾਣ ਵਾਲਾ ਪਲ ਸੀ। ਨਛੱਤਰ ਚੰਦੀ ਦਾ ਚੰਦੀ ਗਰੁੱਪ ਕੋਚੈਲਾ ਵੈਲੀ ਵਿੱਚ ਗੈਸ ਸਟੇਸ਼ਨ, ਦੁਕਾਨਾਂ ਅਤੇ ਰੈਸਟੋਰੈਂਟ ਚਲਾਉਂਦਾ ਹੈ।
ਆਇਜ਼ਨਹਾਵਰ ਹੈਲਥ ਮੁਤਾਬਕ, 25 ਬਿਸਤਰਿਆਂ ਵਾਲਾ ਇਹ ਐਮਰਜੈਂਸੀ ਵਿਭਾਗ ਚੌਵੀ ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਇੱਥੇ ਹਰ ਸਾਲ ਔਸਤਨ 50,000 ਤੋਂ ਵੱਧ ਮਰੀਜ਼ ਆਉਂਦੇ ਹਨ।
Chandi Family Donation Nachhattar Chandi Susana Chandi Eisenhower Health Rancho Mirage Hospital Coachella Valley News California Punjabi News