ਬੈਂਕ ਆਫ਼ ਕੈਨੇਡਾ ਦਾ ਵਿਆਜ ਦਰਾਂ ਵਧਾਉਣਾ ਵੱਡੀ ਗ਼ਲਤੀ: ਡੱਗ ਫੋਰਡ
October 29, 2026 / international
Punjabi Pehchan /
ਓਨਟਾਰੀਓ: Canada
ਆਮ ਪਰਿਵਾਰਾਂ ਅਤੇ ਕਾਮਿਆਂ ’ਤੇ ਵਿੱਤੀ ਬੋਝ ਹੋਰ ਵਧੇਗਾ
ਵਿੱਤ ਮੰਤਰੀ ਪੀਟਰ ਬੈਥਲਨਫਾਲਵੀ ਨੇ ਕਿਹਾ ਕਿ ਉਹ ਫੋਰਡ ਦੀ ਚਿੰਤਾ ਸਮਝਦੇ ਹਨ
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਬੈਂਕ ਆਫ਼ ਕੈਨੇਡਾ ਵੱਲੋਂ ਮੁੱਖ ਵਿਆਜ ਦਰ ਵਧਾ ਕੇ 2.5 ਫ਼ੀਸਦੀ ਕਰਨ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਇਸ ਕਦਮ ਨੂੰ “ਵੱਡੀ ਗ਼ਲਤੀ” ਕਰਾਰ ਦਿੰਦਿਆਂ ਕਿਹਾ ਕਿ ਵਿਆਜ ਦਰਾਂ ਵਧਣ ਨਾਲ ਆਮ ਪਰਿਵਾਰਾਂ ਅਤੇ ਕਾਮਿਆਂ ’ਤੇ ਵਿੱਤੀ ਬੋਝ ਹੋਰ ਵਧੇਗਾ।
ਫੋਰਡ ਨੇ ਕਿਹਾ ਕਿ ਵਿਆਜ ਦਰਾਂ ਵਧਾਉਣ ਨਾਲ ਨਾ ਤਾਂ ਹੌਰਮੂਜ਼ ਜਲਮਾਰਗ ਰਾਹੀਂ ਤੇਲ ਦੀ ਸਪਲਾਈ ਵਿੱਚ ਸੁਧਾਰ ਹੋਵੇਗਾ ਅਤੇ ਨਾ ਹੀ ਕੈਨੇਡੀਅਨ ਕਾਰੋਬਾਰਾਂ ’ਤੇ ਲੱਗੇ ਅਮਰੀਕੀ ਟੈਰਿਫ਼ ਘਟਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਹਾਲਾਤਾਂ ਦੀ ਕੀਮਤ ਚੁਕਾਉਣੀ ਪੈ ਰਹੀ ਹੈ, ਜਿਨ੍ਹਾਂ ’ਤੇ ਉਨ੍ਹਾਂ ਦਾ ਕੋਈ ਕਾਬੂ ਨਹੀਂ।
ਬੈਂਕ ਆਫ਼ ਕੈਨੇਡਾ ਨੇ ਬੁੱਧਵਾਰ ਨੂੰ ਜੁਲਾਈ 2023 ਤੋਂ ਬਾਅਦ ਪਹਿਲੀ ਵਾਰ ਵਿਆਜ ਦਰ ਵਿੱਚ 0.25 ਫ਼ੀਸਦੀ ਅੰਕ ਦਾ ਵਾਧਾ ਕੀਤਾ। ਇਹ ਫ਼ੈਸਲਾ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਖ਼ਤਰੇ ਨੂੰ ਦੇਖਦਿਆਂ ਲਿਆ ਗਿਆ। ਬੈਂਕ ਨੇ 2027 ਲਈ ਮਹਿੰਗਾਈ ਦਾ ਅਨੁਮਾਨ ਵੀ ਵਧਾ ਕੇ 3.1 ਫ਼ੀਸਦੀ ਕਰ ਦਿੱਤਾ ਹੈ।
ਓਨਟਾਰੀਓ ਦੇ ਵਿੱਤ ਮੰਤਰੀ ਪੀਟਰ ਬੈਥਲਨਫਾਲਵੀ ਨੇ ਕਿਹਾ ਕਿ ਉਹ ਫੋਰਡ ਦੀ ਚਿੰਤਾ ਸਮਝਦੇ ਹਨ, ਪਰ ਬੈਂਕ ਆਫ਼ ਕੈਨੇਡਾ ਇੱਕ ਸੁਤੰਤਰ ਸੰਸਥਾ ਹੈ ਅਤੇ ਮਹਿੰਗਾਈ ’ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ।
ਵਿਆਜ ਦਰਾਂ ਵਧਣ ਨਾਲ ਘਰਾਂ ਦੇ ਕਰਜ਼ਿਆਂ ਅਤੇ ਹੋਰ ਸਮਾਨ ਦੀਆਂ ਕਿਸ਼ਤਾਂ ਮਹਿੰਗੀਆਂ ਹੋ ਸਕਦੀਆਂ ਹਨ, ਜਦਕਿ ਲੋਕਾਂ ਦੇ ਖ਼ਰਚੇ ਘਟਣ ਨਾਲ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਮਦਦ ਮਿਲ ਸਕਦੀ ਹੈ। ਬੈਂਕ ਨੇ ਸੰਕੇਤ ਦਿੱਤਾ ਹੈ ਕਿ ਲੋੜ ਪੈਣ ’ਤੇ ਭਵਿੱਖ ਵਿੱਚ ਵਿਆਜ ਦਰਾਂ ਹੋਰ ਵਧਾਈਆਂ ਜਾ ਸਕਦੀਆਂ ਹਨ।
Bank Of Canada Raising Interest Rates Is A Big Mistake Doug Ford