ਕੈਂਟ, ਵਾਸ਼ਿੰਗਟਨ (ਪੰਜਾਬੀ ਪਹਿਚਾਣ ਬਿਊਰੋ) — ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਐਤਵਾਰ ਨੂੰ ਗੋਲਡਨ ਕਰੀ ਕੈਂਟ ਦੇ ਹਾਲ ਵਿੱਚ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉੱਘੇ ਲੇਖਕ ਜੰਗਪਾਲ ਸਿੰਘ ਕੋਟਕਪੂਰਾ ਦੀ ਪੁਸਤਕ ‘ਭਾਰਤ ਬ੍ਰਿਟਿਸ਼ ਬਸਤੀਵਾਦ ਤੋਂ ਬਟਵਾਰੇ ਤੱਕ’ ਲੋਕ ਅਰਪਣ ਕੀਤੀ ਗਈ।
ਜੰਗਪਾਲ ਸਿੰਘ ਕੋਟਕਪੂਰਾ ਇਸ ਤੋਂ ਪਹਿਲਾਂ ਵੀ ਵੱਖ-ਵੱਖ ਵਿਸ਼ਿਆਂ ’ਤੇ 10 ਪੁਸਤਕਾਂ ਲਿਖ ਚੁੱਕੇ ਹਨ। ਉਨ੍ਹਾਂ ਨੇ ਆਪਣੀ ਨਵੀਂ ਪੁਸਤਕ ਵਿੱਚ ਯੂਰਪੀ ਵਪਾਰੀਆਂ ਦੀ ਭਾਰਤ ਆਮਦ, ਈਸਟ ਇੰਡੀਆ ਕੰਪਨੀ, ਬ੍ਰਿਟਿਸ਼ ਹਕੂਮਤ, ਮੁਗਲ ਸਲਤਨਤ ਦਾ ਪਤਨ, ਬਗਾਵਤਾਂ, ਭਾਰਤ ਦੀ ਆਜ਼ਾਦੀ ਅਤੇ ਦੇਸ਼ ਦੀ ਵੰਡ ਸਮੇਤ ਕਈ ਅਹਿਮ ਇਤਿਹਾਸਕ ਘਟਨਾਵਾਂ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ ਹੈ।
ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਟਿਵਾਣਾ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਦਿਆਂ ਕੀਤੀ। ਉਨ੍ਹਾਂ ਨੇ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਤਾਬਾਂ ਲਿਖਣ, ਪੜ੍ਹਨ ਅਤੇ ਇਤਿਹਾਸਕ ਖੋਜਾਂ ਕਰਨ ਦੇ ਨਾਲ-ਨਾਲ ਇਸ ਗੱਲ ’ਤੇ ਵੀ ਵਿਚਾਰ ਕਰਨਾ ਜ਼ਰੂਰੀ ਹੈ ਕਿ ਅਸੀਂ ਗੁਲਾਮ ਕਿਉਂ ਹੋਏ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹੇ।
ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸਭਾ ਦੇ ਸਕੱਤਰ ਜਗੀਰ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਪ੍ਰਿਤਪਾਲ ਸਿੰਘ ਟਿਵਾਣਾ, ਭੁਪਿੰਦਰ ਸਿੰਘ ਪੰਧੇਰ, ਉਪ ਪ੍ਰਧਾਨ ਹਰਕੀਰਤ ਕੌਰ ਬਠਿੰਡਾ, ਪਰਮਿੰਦਰ ਸਿੰਘ ਟਿਵਾਣਾ ਅਤੇ ਦਵਿੰਦਰ ਕੌਰ ਤੂਰ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ ਮੰਤਰਮੁਗਧ ਕੀਤਾ।
ਸਾਬਕਾ ਪ੍ਰਧਾਨ ਬਲਿਹਾਰ ਸਿੰਘ ਲ੍ਹੇਲ, ਜੰਗਪਾਲ ਸਿੰਘ ਕੋਟਕਪੂਰਾ, ਮਨਜੀਤ ਕੌਰ ਕੋਟਕਪੂਰਾ, ਜੁਗਰਾਜ ਸਿੰਘ ਬਰਾੜ (ਕੋਚ), ਡਾ. ਹਰਿੰਦਰ ਕੌਰ, ਡਾ. ਸੁੱਚਾ ਸਿੰਘ ਗਿੱਲ, ਡਾ. ਕੰਵਲਜੀਤ ਕੌਰ ਗਿੱਲ ਅਤੇ ਦਿਲਬਾਗ ਸਿੰਘ ਬੈਂਸ ਨੇ ਪੁਸਤਕ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਸਮਾਗਮ ਦੌਰਾਨ ਸਭਾ ਦੇ ਸਰਪ੍ਰਸਤ ਸ਼ਿੰਗਾਰ ਸਿੰਘ ਸਿੱਧੂ, ਕਿਰਨ ਸੋਹਲ, ਕਵੀਸ਼ਰ ਦਵਿੰਦਰ ਸਿੰਘ ਹੀਰਾ ਅਤੇ ਲੋਕ ਗਾਇਕ ਅਵਤਾਰ ਬਿੱਲਾ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨ੍ਹਿਆ। ਫੋਟੋਗ੍ਰਾਫੀ ਅਤੇ ਵੀਡੀਓ ਰਿਕਾਰਡਿੰਗ ਦੀ ਸੇਵਾ ਬਿਸਮਨ ਕੌਰ ਟਿਵਾਣਾ ਨੇ ਨਿਭਾਈ।
ਇਸ ਮੌਕੇ ਪਰਮਜੀਤ ਕੌਰ ਟਿਵਾਣਾ, ਮਹਿੰਦਰ ਸਿੰਘ ਸੇਠੀ, ਸੁਖਦਰਸ਼ਨ ਸਿੰਘ ਖਟੜਾ, ਅਰਜ ਸਿੰਘ, ਦਮਨਦੀਪ ਕੌਰ, ਸਰਤਾਜ ਸਿੰਘ ਗਿੱਲ, ਨਵਰਾਜ ਸਿੰਘ ਰਾਏ, ਵਿਕਰਮ ਵੀਰ ਸਿੰਘ ਵਿੱਕੀ, ਇੰਦਰਜੀਤ ਸਿੰਘ ਪੱਨੂੰ, ਹਰਦੀਪ ਸਿੰਘ ਸਿੱਧੂ, ਗੁਰਦੀਪ ਸਿੰਘ ਸਹਦੇਵ, ਜਗਦੀਪ ਸਿੰਘ ਗੈਰੀ, ਸਾਹਿਬ ਸਿੰਘ ਨਿੱਝਰ, ਹਰਜੀਤ ਸਿੰਘ, ਹਰਮਿੰਦਰ ਸਿੰਘ ਘੁੰਮਣ, ਬਲਜਿੰਦਰ ਸਿੰਘ ਬਰਾੜ, ਜਸਵਿੰਦਰ ਕੌਰ ਲ੍ਹੇਲ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਅੰਮ੍ਰਿਤਪਾਲ ਸਿੰਘ ਸਹੋਤਾ, ਬਲਜੀਤ ਸੋਹਲ, ਗੁਰਮੁਖ ਸਿੰਘ ਮਲਸੀਆਂ, ਪ੍ਰਿੰਸੀਪਲ ਹਰਮੀਤ ਕੌਰ, ਇੰਦਰਜੀਤ ਸਿੰਘ ਖੋਖਰ, ਹਰਵਿੰਦਰ ਸਿੰਘ ਗਰੇਵਾਲ, ਰੁਪਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਜਿੰਦਰ ਕੌਰ, ਰਸ਼ਪਾਲ ਸਿੰਘ ਅਤੇ ਰੇਸ਼ਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਭਰੀ।
ਆਏ ਮਹਿਮਾਨਾਂ ਦੀ ਚਾਹ-ਪਾਣੀ ਨਾਲ ਸੇਵਾ ਗੋਲਡਨ ਕਰੀ ਕੈਂਟ ਦੇ ਮਾਲਕ ਸਤਨਾਮ ਸਿੰਘ ਵੱਲੋਂ ਕੀਤੀ ਗਈ।
ਸਮਾਗਮ ਦੀ ਸਮਾਪਤੀ ਮੌਕੇ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਟਿਵਾਣਾ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਵਿਰਸੇ ਦੀ ਸੰਭਾਲ ਲਈ ਅਜਿਹੇ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ।