ਪਟਿਆਲਾ ਦੇ 20 ਹੌਟਸਪੌਟ ਇਲਾਕਿਆਂ ’ਚ ਪੁਲਿਸ ਦਾ ਕਾਸੋ ਆਪ੍ਰੇਸ਼ਨ,
October 5, 2026 / crime
Punjabi Pechan /
Patiala
10 ਗ੍ਰਾਮ ਹੈਰੋਇਨ ਬਰਾਮਦ; 3 ਖ਼ਿਲਾਫ਼ FIR
ਡੀਆਈਜੀ ਚਹਿਲ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਕਾਸੋ ਆਪ੍ਰੇਸ਼ਨ ਲਗਾਤਾਰ ਚਲਾਏ ਜਾ ਰਹੇ ਹਨ।
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐਤਵਾਰ ਨੂੰ ਪਟਿਆਲਾ ਵਿੱਚ ਪੁਲਿਸ ਨੇ ਵੱਡੇ ਪੱਧਰ ਤੇ ਕਾਸੋ (ਕੋਰਡਨ ਐਂਡ ਸਰਚ ਆਪ੍ਰੇਸ਼ਨ) ਚਲਾਇਆ। ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਸ਼ਹਿਰ ਦੇ ਕਰੀਬ 20 ਹੌਟਸਪੌਟ ਇਲਾਕਿਆਂ ਵਿੱਚ ਕੀਤੀ ਗਈ ਤਲਾਸ਼ੀ ਦੌਰਾਨ ਪੁਲਿਸ ਨੇ ਕਰੀਬ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਤਿੰਨ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ।
ਆਪ੍ਰੇਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ। ਡੀਆਈਜੀ ਕੁਲਦੀਪ ਸਿੰਘ ਚਹਿਲ ਅਤੇ ਐਸਐਸਪੀ ਹਰਮਨ ਹੰਸ ਦੀ ਮੌਜੂਦਗੀ ਵਿੱਚ ਪੁਲਿਸ ਟੀਮਾਂ ਨੇ ਸ਼ੱਕੀ ਥਾਵਾਂ, ਪੀਜੀ, ਹੋਟਲਾਂ ਅਤੇ ਉਨ੍ਹਾਂ ਟਿਕਾਣਿਆਂ ਦੀ ਜਾਂਚ ਕੀਤੀ, ਜਿੱਥੇ ਨਸ਼ਿਆਂ ਦੀ ਖਰੀਦ-ਫਰੋਖ਼ਤ ਹੋਣ ਦਾ ਖ਼ਦਸ਼ਾ ਸੀ।
ਡੀਆਈਜੀ ਚਹਿਲ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਕਾਸੋ ਆਪ੍ਰੇਸ਼ਨ ਲਗਾਤਾਰ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਤਿੰਨ ਮਾਮਲਿਆਂ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਪੀਜੀ, ਸ਼ੱਕੀ ਹੋਟਲਾਂ ਅਤੇ ਹੋਰ ਸੰਭਾਵਿਤ ਟਿਕਾਣਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।
ਐਸਐਸਪੀ ਹਰਮਨ ਹੰਸ ਮੁਤਾਬਕ ਪੁਲਿਸ ਵੱਲੋਂ ਉਨ੍ਹਾਂ ਇਲਾਕਿਆਂ ਨੂੰ ਹੌਟਸਪੌਟ ਵਜੋਂ ਚਿੰਨ੍ਹਤ ਕੀਤਾ ਜਾਂਦਾ ਹੈ, ਜਿੱਥੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਦੇ ਮੁੜ ਇਸ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਮਿਲਦੀ ਹੈ। ਅਜਿਹੇ ਇਲਾਕਿਆਂ ਵਿੱਚ ਪੁਲਿਸ ਵੱਲੋਂ ਸਮੇਂ-ਸਮੇਂ ਤੇ ਤਲਾਸ਼ੀ ਮੁਹਿੰਮ ਚਲਾ ਕੇ ਨਸ਼ਾ ਤਸਕਰੀ ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਸ਼ੱਕੀ ਟਿਕਾਣਿਆਂ ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ।
Police conduct caso operation in 20 hotspot areas of patiala 10 grams of heroin seized