ਵਾਸ਼ਿੰਗਟਨ ’ਚ ਚੱਲੀਆਂ ਗੋਲੀਆਂ
November 13, 2026 / crime
Punjabi Pehchan /
Washington
5 ਲੋਕ ਜ਼ਖ਼ਮੀ; ਇੱਕ ਦੀ ਮੌਤ
ਘਟਨਾ ਤੋਂ ਬਾਅਦ ਨੇੜਲੇ ਸਕੂਲਾਂ ਨੂੰ ਵੀ ਸੁਰੱਖਿਆ ਵਜੋਂ ਬੰਦ ਕਰ ਦਿੱਤਾ ਗਿਆ
ਵਾਸ਼ਿੰਗਟਨ, ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਦੇ ਲੋਗਨ ਸਰਕਲ ਇਲਾਕੇ ਵਿੱਚ ਵੀਰਵਾਰ ਨੂੰ ਹੋਈ ਗੋਲੀਬਾਰੀ ਵਿੱਚ ਪੰਜ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਇਹ ਘਟਨਾ ਵ੍ਹਾਈਟ ਹਾਊਸ ਤੋਂ ਲਗਭਗ ਇੱਕ ਮੀਲ ਦੀ ਦੂਰੀ ’ਤੇ ਵਾਪਰੀ।
ਪੁਲਿਸ ਅਨੁਸਾਰ ਸ਼ੱਕੀ ਹਮਲਾਵਰ ਨੇ ਇੱਕ ਜਿਮ ਵਿੱਚ ਗੋਲੀਬਾਰੀ ਕਰਨ ਤੋਂ ਬਾਅਦ ਇਮਾਰਤ ਦੇ ਬਾਹਰ ਵੀ ਫਾਇਰਿੰਗ ਕੀਤੀ। ਇਸ ਤੋਂ ਬਾਅਦ ਉਹ ਇੱਕ ਰਿਹਾਇਸ਼ੀ ਇਮਾਰਤ ਦੇ ਅਪਾਰਟਮੈਂਟ ਵਿੱਚ ਜਾ ਕੇ ਲੁਕ ਗਿਆ। ਪੁਲਿਸ ਨੇ ਇਮਾਰਤ ਨੂੰ ਘੇਰ ਲਿਆ ਅਤੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ। ਪੁਲਿਸ ਅਧਿਕਾਰੀ ਜੈਫਰੀ ਕੈਰੋਲ ਮੁਤਾਬਕ ਸ਼ੱਕੀ ਨੇ ਅਪਾਰਟਮੈਂਟ ਅੰਦਰ ਆਪਣੇ ਆਪ ਨੂੰ ਗੋਲੀ ਮਾਰ ਲਈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਦਾ ਇਮਾਰਤ ਦੇ ਮਾਲਕਾਂ ਦੀ ਜਥੇਬੰਦੀ ਨਾਲ ਵਿਵਾਦ ਸੀ। ਘਟਨਾ ਤੋਂ ਬਾਅਦ ਨੇੜਲੇ ਸਕੂਲਾਂ ਨੂੰ ਵੀ ਸੁਰੱਖਿਆ ਵਜੋਂ ਬੰਦ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Shots Fired In Washington