ਇਟਲੀ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਸਿੱਖ ਸੇਵਾਦਾਰਾਂ ਦਾ ਕਤਲ
April 19, 2026 / main news
ਇਟਲੀ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਸਿੱਖ ਸੇਵਾਦਾਰਾਂ ਦਾ ਕਤਲ
ਇਟਲੀ ਦੇ ਬਰਗਾਮੋ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਸਿੱਖ
ਸੇਵਾਦਾਰਾਂ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਰਜਿੰਦਰ ਸਿੰਘ
(48) ਅਤੇ ਗੁਰਮੀਤ ਸਿੰਘ (48) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸੇਵਾਦਾਰ ਲੰਮੇ ਸਮੇਂ ਤੋਂ
ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਹੇ ਸਨ।
ਸ਼ੁੱਕਰਵਾਰ ਰਾਤ ਜਦੋਂ ਰਜਿੰਦਰ ਸਿੰਘ ਅਤੇ ਗੁਰਮੀਤ ਸਿੰਘ ਗੁਰਦੁਆਰਾ ਸਾਹਿਬ ਦੇ
ਮੁੱਖ ਗੇਟ ’ਤੇ ਸੇਵਾ ਨਿਭਾ ਰਹੇ ਸਨ, ਤਾਂ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਉਨ੍ਹਾਂ ’ਤੇ ਤਾਬੜਤੋੜ
ਫਾਇਰਿੰਗ ਸ਼ੁਰੂ ਕਰ ਦਿੱਤੀ। ਹਮਲਾਵਰਾਂ ਨੇ ਲਗਭਗ 10 ਰਾਊਂਡ
ਗੋਲ਼ੀਆਂ ਚਲਾਈਆਂ। ਦੋਵਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ
ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਤੋਂ ਬਾਅਦ ਹਮਲਾਵਰ ਕਾਰ ਵਿੱਚ ਫ਼ਰਾਰ
ਹੋ ਗਏ।
ਇਟਲੀ ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰ ਭਾਰਤੀ ਮੂਲ
ਦਾ ਹੀ ਹੈ ਅਤੇ ਇਹ ਮਾਮਲਾ ਆਪਸੀ ਰੰਜਿਸ਼ ਨਾਲ ਜੁੜਿਆ ਹੋ ਸਕਦਾ ਹੈ। ਪੁਲਿਸ ਨੇ ਇਲਾਕੇ ਦੀ
ਘੇਰਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਵਿਸਾਖੀ
ਦੇ ਸਬੰਧ ਵਿੱਚ ਸਜਾਇਆ ਜਾਣ ਵਾਲਾ ਨਗਰ ਕੀਰਤਨ ਵੀ ਰੱਦ ਕਰ ਦਿੱਤਾ ਗਿਆ ਹੈ।
Sikh sewadars shot dead