ਵਿਸਕਾਂਸਿਨ ਵਿੱਚ ਭਿਆਨਕ ਬਵੰਡਰ ਨੇ ਮਚਾਈ ਤਬਾਹੀ, ਘਰਾਂ ਦੀਆਂ ਛੱਤਾਂ ਉੱਡੀਆਂ, ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ
July 29, 2026 / main news
ਵਿਸਕਾਂਸਿਨ ਵਿੱਚ ਭਿਆਨਕ ਬਵੰਡਰ ਨੇ ਮਚਾਈ ਤਬਾਹੀ, ਘਰਾਂ ਦੀਆਂ ਛੱਤਾਂ ਉੱਡੀਆਂ, ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ
ਐਪਲਟਨ/ਮੇਨਾਸ਼ਾ, ਵਿਸਕਾਂਸਿਨ (ਪੰਜਾਬੀ ਪਹਿਚਾਣ) – ਅਮਰੀਕਾ ਦੇ ਵਿਸਕਾਂਸਿਨ ਸੂਬੇ ਦੇ ਐਪਲਟਨ ਅਤੇ
ਮੇਨਾਸ਼ਾ ਇਲਾਕਿਆਂ ਵਿੱਚ ਸੋਮਵਾਰ ਦੁਪਹਿਰ ਆਏ ਇੱਕ ਭਿਆਨਕ ਬਵੰਡਰ ਨੇ ਵੱਡੀ ਤਬਾਹੀ ਮਚਾ ਦਿੱਤੀ।
ਤੇਜ਼ ਹਵਾਵਾਂ ਕਾਰਨ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ, ਦਰੱਖਤ
ਜੜ੍ਹਾਂ ਸਮੇਤ ਪੁੱਟੇ ਗਏ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ।
ਅਮਰੀਕੀ ਰਾਸ਼ਟਰੀ ਮੌਸਮ ਸੇਵਾ (ਐਨ.ਡਬਲਿਊ.ਐੱਸ.) ਵੱਲੋਂ ਕੀਤੇ ਮੁੱਢਲੇ ਸਰਵੇਖਣ
ਅਨੁਸਾਰ ਇਸ ਬਵੰਡਰ ਨੂੰ ਈ.ਐੱਫ.-3 ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਦੀਆਂ ਹਵਾਵਾਂ ਦੀ
ਰਫ਼ਤਾਰ ਲਗਭਗ 140 ਮੀਲ ਪ੍ਰਤੀ ਘੰਟਾ ਦਰਜ ਕੀਤੀ ਗਈ।
ਮੌਸਮ ਵਿਭਾਗ ਅਨੁਸਾਰ ਇਸ ਖੇਤਰ ਵਿੱਚ ਪਹਿਲਾਂ ਬਵੰਡਰ ਆਉਣ ਦੀ ਸੰਭਾਵਨਾ ਬਹੁਤ ਘੱਟ
ਮੰਨੀ ਜਾ ਰਹੀ ਸੀ। ਸ਼ੁਰੂ ਵਿੱਚ ਸਿਰਫ਼ ਤੇਜ਼ ਹਨੇਰੀ ਅਤੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ
ਸੀ। ਬਵੰਡਰ ਬਾਰੇ ਚੇਤਾਵਨੀ ਉਸ ਦੇ ਧਰਤੀ ’ਤੇ ਉਤਰਣ ਤੋਂ ਕੁਝ ਮਿੰਟ ਬਾਅਦ ਹੀ ਜਾਰੀ ਹੋ ਸਕੀ।
ਬਵੰਡਰ ਦੀ ਗੰਭੀਰਤਾ ਨੂੰ ਦੇਖਦਿਆਂ ਮੌਸਮ ਸੇਵਾ ਨੇ ਇਸ ਨੂੰ “ਬੇਹੱਦ ਖ਼ਤਰਨਾਕ”
ਕਰਾਰ ਦਿੱਤਾ ਅਤੇ ਉੱਚ ਪੱਧਰੀ ਚੇਤਾਵਨੀ ਜਾਰੀ ਕੀਤੀ।
ਵਿਸਕਾਂਸਿਨ ਸਟੇਟ ਕਲਾਈਮੈਟੋਲੋਜੀ ਦਫ਼ਤਰ ਮੁਤਾਬਕ ਸਾਲ 2026 ਦੌਰਾਨ ਇਹ ਸੂਬੇ
ਵਿੱਚ ਆਉਣ ਵਾਲਾ ਚੌਥਾ ਈ.ਐੱਫ.-3 ਬਵੰਡਰ ਹੈ। ਸਾਲ 1984 ਤੋਂ ਬਾਅਦ ਪਹਿਲੀ ਵਾਰ ਇੱਕ ਹੀ ਸਾਲ
ਵਿੱਚ ਇੰਨੇ ਸ਼ਕਤੀਸ਼ਾਲੀ ਬਵੰਡਰ ਦਰਜ ਕੀਤੇ ਗਏ ਹਨ।
ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਿਜਲੀ ਬਹਾਲ ਕਰਨ ਦਾ ਕੰਮ ਜਾਰੀ ਹੈ।
ਅਧਿਕਾਰੀ ਨੁਕਸਾਨ ਦਾ ਅੰਦਾਜ਼ਾ ਲਗਾਉਣ ਵਿੱਚ ਜੁਟੇ ਹੋਏ ਹਨ।
Powerful Tornado Wreaks Havoc In Wisconsin