ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਐਲਾਨ ਵੀਰਵਾਰ ਨੂੰ ਬਜਟ ਵਿੱਚ ਹੋਵੇਗਾ
November 4, 2026 / canada
Punjabi Pehchan /
Otawa
ਪ੍ਰਵਾਸੀਆਂ ਦੀ ਗਿਣਤੀ ਵਿੱਚ ਹੋ ਸਕਦੀ ਹੈ ਵੱਡੀ ਤਬਦੀਲੀ
ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਵੀ ਕਿਹਾ ਹੈ ਕਿ ਦੇਸ਼ ਨੂੰ ਆਰਥਿਕ ਵਿਕਾਸ ਲਈ ਲੋਕਾਂ ਦੀ ਲੋੜ ਹੈ
ਓਟਵਾ: ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਵੀਰਵਾਰ ਨੂੰ ਪੇਸ਼ ਹੋਣ ਵਾਲੇ ਫੈਡਰਲ ਬਜਟ ਵਿੱਚ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ ਕਰੇਗੀ। ਸਰਕਾਰ ਦੇ ਕਈ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨਵੀਂ ਯੋਜਨਾ ਐਸੇ ਸਮੇਂ ਆ ਰਹੀ ਹੈ ਜਦੋਂ ਪਿਛਲੇ ਦੋ ਸਾਲਾਂ ਦੌਰਾਨ ਕੈਨੇਡਾ ਦੀ ਆਬਾਦੀ ਵਿੱਚ ਵਾਧੇ ਦੀ ਰਫ਼ਤਾਰ ਕਾਫ਼ੀ ਘਟ ਗਈ ਹੈ। ਪਿਛਲੇ ਸਾਲ ਕਾਰਨੀ ਸਰਕਾਰ ਨੇ 2026 ਤੋਂ 2028 ਤੱਕ ਹਰ ਸਾਲ 3 ਲੱਖ 80 ਹਜ਼ਾਰ ਸਥਾਈ ਨਿਵਾਸੀਆਂ ਨੂੰ ਦਾਖ਼ਲਾ ਦੇਣ ਦਾ ਟੀਚਾ ਰੱਖਿਆ ਸੀ।
ਇਸ ਤੋਂ ਇਲਾਵਾ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾ ਕੇ 2026 ਵਿੱਚ 3 ਲੱਖ 85 ਹਜ਼ਾਰ ਅਤੇ 2027 ਤੇ 2028 ਵਿੱਚ 3 ਲੱਖ 70 ਹਜ਼ਾਰ ਸਾਲਾਨਾ ਕਰਨ ਦਾ ਟੀਚਾ ਮਿੱਥਿਆ ਗਿਆ ਸੀ। ਸਰਕਾਰ ਨੇ ਇਹ ਕਦਮ ਪਿਛਲੇ ਸਾਲਾਂ ਦੌਰਾਨ ਵਧੀ ਇਮੀਗ੍ਰੇਸ਼ਨ ਕਾਰਨ ਮਕਾਨਾਂ ਦੀ ਘਾਟ ਅਤੇ ਸਿਹਤ ਤੇ ਹੋਰ ਜਨਤਕ ਸੇਵਾਵਾਂ 'ਤੇ ਪਏ ਦਬਾਅ ਨੂੰ ਘਟਾਉਣ ਲਈ ਚੁੱਕੇ ਸਨ। ਅੰਕੜਾ ਕੈਨੇਡਾ ਅਨੁਸਾਰ ਪਹਿਲੀ ਜੁਲਾਈ 2026 ਨੂੰ ਦੇਸ਼ ਦੀ ਆਬਾਦੀ 4 ਕਰੋੜ 17 ਲੱਖ 98 ਹਜ਼ਾਰ 407 ਸੀ, ਜੋ ਪਿਛਲੇ ਸਾਲ ਦੇ ਮੁਕਾਬਲੇ ਸਿਰਫ਼ 0.5 ਫ਼ੀਸਦੀ ਵਧੀ। ਇਹ 1944-45 ਤੋਂ ਬਾਅਦ ਜੁਲਾਈ ਤੋਂ ਜੁਲਾਈ ਦਰਮਿਆਨ ਸਭ ਤੋਂ ਘੱਟ ਵਾਧਾ ਹੈ।
ਪ੍ਰਧਾਨ ਮੰਤਰੀ ਕਾਰਨੀ ਨੇ ਪਹਿਲਾਂ ਕਿਹਾ ਸੀ ਕਿ ਇਮੀਗ੍ਰੇਸ਼ਨ ਪ੍ਰਣਾਲੀ ਪੂਰੀ ਤਰ੍ਹਾਂ ਕਾਬੂ ਹੇਠ ਆਉਣ ਤੋਂ ਬਾਅਦ ਦੇਸ਼ ਵਿੱਚ ਆਬਾਦੀ ਦਾ ਵਾਧਾ ਮੁੜ ਸ਼ੁਰੂ ਕੀਤਾ ਜਾਵੇਗਾ, ਪਰ ਇਹ ਵਾਧਾ ਨਿਯੰਤਰਿਤ ਹੋਵੇਗਾ। ਦੂਜੇ ਪਾਸੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਵੀ ਕਿਹਾ ਹੈ ਕਿ ਦੇਸ਼ ਨੂੰ ਆਰਥਿਕ ਵਿਕਾਸ ਲਈ ਲੋਕਾਂ ਦੀ ਲੋੜ ਹੈ। ਉੱਧਰ ਕੰਜ਼ਰਵੇਟਿਵ ਪਾਰਟੀ ਇਮੀਗ੍ਰੇਸ਼ਨ ਦੀ ਗਿਣਤੀ ਹੋਰ ਘਟਾਉਣ ਦੀ ਮੰਗ ਕਰ ਰਹੀ ਹੈ। ਪਾਰਟੀ ਦੀ ਇਮੀਗ੍ਰੇਸ਼ਨ ਮਾਮਲਿਆਂ ਦੀ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਇਮੀਗ੍ਰੇਸ਼ਨ ਵਧਾਉਣ ਦੇ ਕਿਸੇ ਵੀ ਕਦਮ ਦਾ ਵਿਰੋਧ ਕਰੇਗੀ ਅਤੇ ਆਉਣ ਵਾਲੀ ਯੋਜਨਾ ਵਿੱਚ ਕਾਫ਼ੀ ਘੱਟ ਟੀਚਿਆਂ ਦੀ ਉਮੀਦ ਕਰਦੀ ਹੈ। ਨਵੀਂ ਯੋਜਨਾ ਦਾ ਐਲਾਨ ਕੈਨੇਡਾ ਵਿੱਚ ਰਹਿ ਰਹੇ ਅਸਥਾਈ ਵਿਦੇਸ਼ੀ ਕਾਮਿਆਂ, ਕੌਮਾਂਤਰੀ ਵਿਦਿਆਰਥੀਆਂ ਅਤੇ ਸਥਾਈ ਨਿਵਾਸ ਦੀ ਉਡੀਕ ਕਰ ਰਹੇ ਲੋਕਾਂ ਲਈ ਅਹਿਮ ਹੋਵੇਗਾ।
Canada s New Immigration Policy Will Be Announced In The Budget On Thursday