ਕੈਨੇਡਾ ਵਿੱਚ ਚੀਨ ਦੇ 18 ਕਥਿਤ ਗੈਰ-ਕਾਨੂੰਨੀ ਪੁਲਿਸ ਕੇਂਦਰਾਂ ਦਾ ਖੁਲਾਸਾ
November 9, 2026 / canada
Punjabi Pehchan /
Otawa
ਨਵੀਂ ਰਿਪੋਰਟ ਨਾਲ ਮਚੀ ਹਲਚਲ
ਚੀਨੀ, ਉਈਗਰ ਅਤੇ ਹੋਰ ਭਾਈਚਾਰਿਆਂ ਦੇ ਲੋਕਾਂ ਦੀ ਆਜ਼ਾਦੀ ਅਤੇ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ
ਓਟਵਾ: ਕੈਨੇਡਾ ਵਿੱਚ ਚੀਨ ਨਾਲ ਜੁੜੇ ਘੱਟੋ-ਘੱਟ 18 ਕਥਿਤ ਵਿਦੇਸ਼ੀ ਪੁਲਿਸ ਕੇਂਦਰਾਂ ਦੀ ਮੌਜੂਦਗੀ ਦਾ ਦਾਅਵਾ ਇੱਕ ਨਵੀਂ ਰਿਪੋਰਟ ਵਿੱਚ ਕੀਤਾ ਗਿਆ ਹੈ। ਸਪੇਨ ਦੀ ਮਨੁੱਖੀ ਅਧਿਕਾਰ ਸੰਸਥਾ 'ਸੇਫਗਾਰਡ ਡਿਫੈਂਡਰਜ਼' ਅਨੁਸਾਰ ਚੀਨ ਨੇ ਦੁਨੀਆ ਦੇ 91 ਦੇਸ਼ਾਂ ਵਿੱਚ ਅਜਿਹੇ ਨੈੱਟਵਰਕ ਦਾ ਵਿਸਥਾਰ ਕੀਤਾ ਹੈ।
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੁਨੀਆ ਭਰ ਵਿੱਚ ਚੀਨ ਨਾਲ ਸਬੰਧਤ 1,247 ਭਾਈਚਾਰਕ ਸੰਸਥਾਵਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਕਥਿਤ ਤੌਰ ਉੱਤੇ ਪੁਲਿਸ ਨਿਗਰਾਨੀ ਕੇਂਦਰਾਂ ਨਾਲ ਜੋੜਿਆ ਗਿਆ ਹੈ। ਇਨ੍ਹਾਂ ਸੰਸਥਾਵਾਂ ਰਾਹੀਂ ਵਿਦੇਸ਼ਾਂ ਵਿੱਚ ਰਹਿੰਦੇ ਚੀਨੀ ਮੂਲ ਦੇ ਲੋਕਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਦੇ ਦੋਸ਼ ਲਗਾਏ ਗਏ ਹਨ।
ਸਾਲ 2022 ਵਿੱਚ ਕੈਨੇਡਾ ਵਿੱਚ ਅਜਿਹੇ ਪੰਜ ਕੇਂਦਰਾਂ ਦੀ ਪਛਾਣ ਕੀਤੀ ਗਈ ਸੀ। ਹੁਣ ਨਵੀਂ ਰਿਪੋਰਟ ਵਿੱਚ ਘੱਟੋ-ਘੱਟ 18 ਸੰਸਥਾਵਾਂ ਦੇ ਇਸ ਕਥਿਤ ਪੁਲਿਸ ਨਿਗਰਾਨੀ ਨੈੱਟਵਰਕ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਵੱਲੋਂ ਵੀ ਵਿਦੇਸ਼ੀ ਪੁਲਿਸ ਕੇਂਦਰਾਂ ਨਾਲ ਸਬੰਧਤ ਕਥਿਤ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਖ਼ਾਸ ਦੋਸ਼ਾਂ ਦੀ ਅਜੇ ਜਾਂਚ ਹੋਣੀ ਬਾਕੀ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਬਿਨਾਂ ਪੁਸ਼ਟੀ ਕਿਸੇ ਭਾਈਚਾਰਕ ਸੰਸਥਾ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਣ ਨਾਲ ਬੇਲੋੜਾ ਡਰ ਅਤੇ ਚਿੰਤਾ ਪੈਦਾ ਹੋ ਸਕਦੀ ਹੈ।
ਦੂਜੇ ਪਾਸੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਜੇਕਰ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਹਨ ਤਾਂ ਇਸ ਨਾਲ ਕੈਨੇਡਾ ਵਿੱਚ ਰਹਿ ਰਹੇ ਚੀਨੀ, ਉਈਗਰ ਅਤੇ ਹੋਰ ਭਾਈਚਾਰਿਆਂ ਦੇ ਲੋਕਾਂ ਦੀ ਆਜ਼ਾਦੀ ਅਤੇ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ।
18 Alleged Illegal Chinese Police Stations In Canada Revealed