ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ, ਬੋਥਲ ਵੱਲੋਂ ਨਵੀਂ ਇਮਾਰਤ ਦੀ ਯੋਜਨਾ ਪੇਸ਼
October 28, 2026 / religious
Gurpreet Singh Dhanju /
Bothell,wa
ਧਾਰਮਿਕ ਸੇਵਾਵਾਂ ਦੇ ਨਾਲ ਸਿੱਖਿਆ, ਬਜ਼ੁਰਗਾਂ ਦੀ ਸੇਵਾ ਅਤੇ ਭਾਈਚਾਰਕ ਭਲਾਈ ਲਈ ਸਹੂਲਤਾਂ ਦੀ ਤਜਵੀਜ਼; ਸੰਗਤ ਨੂੰ ਸਹਿਯੋਗ ਦੀ ਅਪੀਲ
ਹੋਰ ਜਾਣਕਾਰੀ ਲੀਏ ਜਾਣਕਾਰੀ ਸਾਂਝੀ ਕਰਨ ਲਈ ਵੈੱਬਸਾਈਟ www.OurGurudwara.org
ਬੋਥਲ, ਵਾਸ਼ਿੰਗਟਨ (ਗੁਰਪ੍ਰੀਤ ਸਿੰਘ ਧੰਜੂ): ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ, ਬੋਥਲ ਵੱਲੋਂ ਸੰਗਤ ਦੀਆਂ ਧਾਰਮਿਕ ਅਤੇ ਸਮਾਜਿਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਗੁਰੂਘਰ ਦੀ ਨਵੀਂ ਇਮਾਰਤ ਲਈ ਯੋਜਨਾ ਪੇਸ਼ ਕੀਤੀ ਗਈ ਹੈ। ਪ੍ਰਬੰਧਕ ਕਮੇਟੀ ਨੇ ਸੰਗਤ ਨੂੰ ਇਸ ਉਪਰਾਲੇ ਵਿੱਚ ਵੱਧ-ਚੜ੍ਹ ਕੇ ਸਹਿਯੋਗ ਦੇਣ ਅਤੇ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰਨ ਦੀ ਅਪੀਲ ਕੀਤੀ ਹੈ।
ਪ੍ਰਸਤਾਵਿਤ ਯੋਜਨਾ ਵਿੱਚ ਦੋ ਦਰਬਾਰ ਹਾਲ ਅਤੇ ਲੰਗਰ ਹਾਲ ਸ਼ਾਮਲ ਹਨ। ਇਨ੍ਹਾਂ ਰਾਹੀਂ ਗੁਰਬਾਣੀ ਕੀਰਤਨ, ਧਾਰਮਿਕ ਸਮਾਗਮਾਂ ਅਤੇ ਲੰਗਰ ਸੇਵਾ ਲਈ ਵਧੇਰੇ ਥਾਂ ਉਪਲਬਧ ਕਰਵਾਉਣ ਦੀ ਤਜਵੀਜ਼ ਹੈ। ਬਜ਼ੁਰਗਾਂ ਲਈ ਸੇਵਾ ਅਤੇ ਸਹਿਯੋਗ ਕੇਂਦਰ ਵੀ ਯੋਜਨਾ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਮਾਣ-ਸਤਿਕਾਰ, ਆਪਸੀ ਮੇਲ-ਜੋਲ ਅਤੇ ਭਾਈਚਾਰਕ ਸਹਾਇਤਾ ਵਾਲਾ ਮਾਹੌਲ ਪ੍ਰਦਾਨ ਕਰਨਾ ਹੈ।
ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰਮਤਿ, ਪੰਜਾਬੀ ਵਿਰਸੇ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਲਈ ਗੁਰਮਤਿ ਸਕੂਲ ਦੀ ਤਜਵੀਜ਼ ਰੱਖੀ ਗਈ ਹੈ। ਯੋਜਨਾ ਵਿੱਚ ਚਾਰਟਰ ਸਕੂਲ ਅਤੇ ਕਿੱਤਾਮੁਖੀ ਸਿਖਲਾਈ ਸੰਸਥਾ ਵੀ ਸ਼ਾਮਲ ਹਨ, ਜਿਨ੍ਹਾਂ ਰਾਹੀਂ ਸਿੱਖਿਆ, ਹੁਨਰ ਵਿਕਾਸ ਅਤੇ ਸਵੈ-ਨਿਰਭਰਤਾ ਦੇ ਮੌਕੇ ਪੈਦਾ ਕਰਨ ਦਾ ਉਦੇਸ਼ ਹੈ।
ਭਾਈਚਾਰੇ ਦੀਆਂ ਸਮਾਜਿਕ ਅਤੇ ਸਿਹਤ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਕਮਿਊਨਿਟੀ ਸੈਂਟਰ ਅਤੇ ਸਿਹਤ ਕਲੀਨਿਕ ਵੀ ਪ੍ਰਸਤਾਵਿਤ ਹਨ। ਇਸ ਤੋਂ ਇਲਾਵਾ ਸਥਾਨਕ ਕਾਰੋਬਾਰਾਂ ਨੂੰ ਸਹਿਯੋਗ ਦੇਣ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਵਪਾਰ ਮੰਡਲ ਸਥਾਪਤ ਕਰਨ ਦੀ ਤਜਵੀਜ਼ ਰੱਖੀ ਗਈ ਹੈ।
ਗੁਰਦੁਆਰਾ ਸਾਹਿਬ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਸੰਗਤ ਨੂੰ ਹਰ ਐਤਵਾਰ ਸਵੇਰੇ 11:45 ਵਜੇ ਬੋਥਲ ਗੁਰਦੁਆਰਾ ਸਾਹਿਬ ਵਿਖੇ ਸ਼ਾਮਲ ਹੋ ਕੇ ਯੋਜਨਾ ਬਾਰੇ ਜਾਣਕਾਰੀ ਲੈਣ ਅਤੇ ਆਪਣੇ ਸੁਝਾਅ ਸਾਂਝੇ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਇਸ ਉਪਰਾਲੇ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਗੁਰਦੁਆਰਾ ਸਾਹਿਬ ਵੱਲੋਂ ਵੈੱਬਸਾਈਟ ਵੀ ਬਣਾਈ ਗਈ ਹੈ। ਵੈੱਬਸਾਈਟ ’ਤੇ ਯੋਜਨਾ ਬਾਰੇ ਜਾਣਕਾਰੀ ਦੇ ਨਾਲ ਕਿਊਆਰ ਕੋਡ ਰਾਹੀਂ ਸੰਗਤ ਆਪਣੀ ਸ਼ਰਧਾ ਅਤੇ ਸਮਰੱਥਾ ਅਨੁਸਾਰ ਆਰਥਿਕ ਸੇਵਾ ਵਿੱਚ ਯੋਗਦਾਨ ਪਾ ਸਕਦੀ ਹੈ। ਹੋਰ ਵੇਰਵਿਆਂ ਲਈ ਵੈੱਬਸਾਈਟ ’ਤੇ ਜਾ ਕੇ ਜਾਂ ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ, ਬੋਥਲ ਵਿਖੇ ਪਹੁੰਚ ਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
Sikh center seattle bothell new gurdwara building plan